ਸੰਗਰੂਰ ਜ਼ਿਮਨੀ ਚੋਣ: ਦਾਅ 'ਤੇ ਲੱਗੇਗੀ 'ਆਪ' ਸਰਕਾਰ ਦੀ ਕਾਰਗੁਜ਼ਾਰੀ!, ਸੀਐਮ ਮਾਨ ਦੀ ਭੈਣ ਨੂੰ ਮਿਲ ਸਕਦੀ ਟਿਕਟ, ਜਾਖੜ ਨਾਲ ਹੋ ਸਕਦਾ ਮੁਕਾਬਲਾ
ਚੰਡੀਗੜ੍ਹ: ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਚੁਣੇ ਜਾਣ ਤੋਂ ਬਾਅਦ ਖਾਲੀ ਹੋਈ ਸੰਗਰੂਰ ਲੋਕ ਸਭਾ ਸੀਟ ਨੂੰ ਲੈ ਕੇ ਜ਼ਿਮਨੀ ਚੋਣ ਦਾ ਐਲਾਨ ਹੋ ਚੁੱਕਿਆ ਹੈ। 23 ਜੂਨ ਨੂੰ ਸੰਗਰੂਰ ਸੀਟ ਲਈ ਚੋਣ ਹੋਵੇਗੀ
ਮਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਚੁਣੇ ਜਾਣ ਤੋਂ ਬਾਅਦ ਖਾਲੀ ਹੋਈ ਸੰਗਰੂਰ ਲੋਕ ਸਭਾ ਸੀਟ ਨੂੰ ਲੈ ਕੇ ਜ਼ਿਮਨੀ ਚੋਣ ਦਾ ਐਲਾਨ ਹੋ ਚੁੱਕਿਆ ਹੈ। 23 ਜੂਨ ਨੂੰ ਸੰਗਰੂਰ ਸੀਟ ਲਈ ਚੋਣ ਹੋਵੇਗੀ ਜਦਕਿ 26 ਜੂਨ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ। ਬੇਸ਼ੱਕ ਇਸ ਸੀਟ ਤੋਂ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਕਾਂਗਰਸ ਵਿਚਾਲੇ ਹੋਣ ਦੀ ਉਮੀਦ ਹੈ ਪਰ ਜੇਕਰ ਭਾਜਪਾ ਵੱਲੋਂ ਸੁਨੀਲ ਜਾਖੜ ਨੂੰ ਇਸ ਸੀਟ ਤੋਂ ਉਤਾਰਿਆ ਜਾਂਦਾ ਹੈ ਤਾਂ ਸਿਆਸੀ ਦ੍ਰਿਸ਼ ਵੱਖਰਾ ਹੋ ਸਕਦਾ ਹੈ।
ਉੱਥੇ ਹੀ ਚਰਚਾ ਹੈ ਕਿ ਆਮ ਆਦਮੀ ਪਾਰਟੀ ਤੋਂ ਸੀਐਮ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੂੰ ਵੀ ਇਸ ਸੀਟ ਤੋਂ ਟਿਕਟ ਦਿੱਤੀ ਜਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਮੁਕਾਬਲਾ ਕਾਫੀ ਦਿਲਚਸਪ ਹੋਣ ਵਾਲਾ ਹੈ। ਇੱਕ ਪਾਸੇ ਜਿੱਥੇ ਮਾਨ ਸਰਕਾਰ ਵੱਲੋਂ ਧੜੱਲੇ ਨਾਲ ਫੈਸਲੇ ਲਏ ਜਾ ਰਹੇ ਹਨ ਤੇ ਉੱਥੇ ਹੀ ਜੇਕਰ ਆਮ ਆਦਮੀ ਪਾਰਟੀ ਇਹ ਸੀਟ ਜਿੱਤ ਜਾਂਦੀ ਹੈ ਤਾਂ ਸਰਕਾਰ ਦੇ ਤਿੰਨ ਮਹੀਨਿਆਂ ਦੇ ਕੰਮਾਂ 'ਤੇ ਜਨਤਾ ਦੀ ਮੋਹਰ ਲੱਗ ਜਾਵੇਗੀ।
ਉਧਰ ਹੀ ਦੂਜੇ ਪਾਸੇ ਕਾਂਗਰਸ ਨੂੰ ਅਲਵਿਦਾ ਆਖ ਭਾਜਪਾ 'ਚ ਸ਼ਾਮਲ ਹੋਏ ਸੁਨੀਲ ਜਾਖੜ ਜੇਕਰ ਮੈਦਾਨ 'ਚ ਆ ਕੇ ਜਿੱਤ ਜਾਂਦੇ ਹਨ ਤਾਂ ਇੱਕ ਵਾਰ ਫਿਰ ਉਨ੍ਹਾਂ ਦੇ ਵੱਡੇ ਅਹੁਦੇ 'ਤੇ ਪੈਰ ਜਮਾਉਣ ਦੇ ਰਾਹ ਵੀ ਖੁੱਲ੍ਹ ਜਾਣਗੇ ਪਰ ਇਹ ਆਮ ਆਦਮੀ ਪਾਰਟੀ ਲਈ ਮੁਸੀਬਤਾਂ ਬਣਾ ਸਕਦਾ ਹੈ। ਦੱਸ ਦਈਏ ਕਿ ਮੁੱਖ ਮੰਤਰੀ ਚਿਹਰਾ ਨਾ ਐਲਾਨੇ ਜਾਣ ਤੋਂ ਨਾਰਾਜ਼ ਹੋਏ ਸੁਨੀਲ ਜਾਖੜ ਨੇ ਕਾਂਗਰਸ ਤੋਂ ਆਪਣਾ ਮੁੱਖ ਮੋੜ ਲਿਆ ਤੇ ਭਾਜਪਾ ਦਾ ਪੱਲਾ ਫੜ ਲਿਆ ਹੈ ਜਿੱਥੋਂ ਉਨ੍ਹਾਂ ਨੂੰ ਕੋਈ ਵੱਡੀ ਅਹੁਦਾ ਦਿੱਤੇ ਜਾਣ ਦੀ ਉਮੀਦ ਹੈ। ਉਧਰ ਹੀ ਸੀਐਮ ਭਗਵੰਤ ਮਾਨ ਦੀ ਛੋਟੀ ਭੈਣ ਵੀ ਰਾਜਨੀਤੀ 'ਚ ਸਰਗਰਮ ਹੈ। ਉਨ੍ਹਾਂ ਵੱਲੋਂ ਵੀ ਭਰਾ ਭਗਵੰਤ ਮਾਨ ਦੇ ਹੱਕ 'ਚ ਜੰਮ ਕੇ ਪ੍ਰਚਾਰ ਕੀਤਾ ਗਿਆ ਸੀ।
ਸੰਗਰੂਰ ਲੋਕ ਸਭਾ ਸੀਟ ਜ਼ਿਮਨੀ ਚੋਣ ਲਈ 23 ਜੂਨ ਨੂੰ ਵੋਟਾਂ ਪੈਣਗੀਆਂ। 30 ਮਈ ਤੋਂ 6 ਜੂਨ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਣਗੀਆਂ। 7 ਜੂਨ ਨੂੰ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ। 9 ਜੂਨ ਤੱਕ ਇਹ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ ਜਿਹਨਾਂ ਦਾ ਨਤੀਜਾ 26 ਜੂਨ ਨੂੰ ਐਲਾਨਿਆ ਜਾਵੇਗਾ