Weather Update: ਗਰਮੀ ਦੇ ਕਹਿਰ ਤੋਂ ਮਿਲੇਗੀ ਰਾਹਤ, ਪੰਜਾਬ 'ਚ ਵਰ੍ਹੇਗਾ ਮੀਂਹ, ਮੌਸਮ ਵਿਭਾਗ ਵੱਲੋਂ ਤਾਜ਼ਾ ਅਪਡੇਟ
Weather Update: ਗਰਮੀ ਦਾ ਕਹਿਰ ਸਹਿ ਰਹੇ ਪੰਜਾਬ ਦੇ ਲੋਕਾਂ ਲਈ ਰਾਹਤ ਦੀ ਖਬਰ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 14 ਜੂਨ ਤੋਂ ਮੌਸਮ ਕਰਵਟ ਲਵੇਗਾ। ਮੌਸਮ ਲਿਭਾਗ ਦੀ ਰਿਪੋਰਟ ਮੁਤਾਬਕ 14 ਤੋਂ 17 ਜੂਨ ਤੱਕ ਗਰਜ...

Weather Update: ਗਰਮੀ ਦਾ ਕਹਿਰ ਸਹਿ ਰਹੇ ਪੰਜਾਬ ਦੇ ਲੋਕਾਂ ਲਈ ਰਾਹਤ ਦੀ ਖਬਰ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 14 ਜੂਨ ਤੋਂ ਮੌਸਮ ਕਰਵਟ ਲਵੇਗਾ। ਮੌਸਮ ਲਿਭਾਗ ਦੀ ਰਿਪੋਰਟ ਮੁਤਾਬਕ 14 ਤੋਂ 17 ਜੂਨ ਤੱਕ ਗਰਜ, ਬਿਜਲੀ ਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ) ਦੀ ਸੰਭਾਵਨਾ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਬਾਰਸ਼ ਵੀ ਹੋ ਸਕਦੀ ਹੈ। ਇਸ ਦੇ ਨਾਲ ਹੀ 25 ਜੂਨ ਦੇ ਆਸਪਾਸ ਪ੍ਰੀ-ਮੌਨਸੂਨ ਬਾਰਸ਼ ਸ਼ੁਰੂ ਹੋ ਸਕਦੀ ਹੈ। ਭਾਵ ਗਰਮੀ ਤੋਂ ਰਾਹਤ ਮਿਲ ਜਾਏਗੀ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਤਿੰਨ ਦਿਨਾਂ ਤੱਕ ਗਰਮੀ ਬਹੁਤ ਜ਼ਿਆਦਾ ਰਹੇਗੀ। ਇਸ ਮਗਰੋ 18, 19 ਤੇ 20 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਇਸ ਵੇਲੇ ਪੰਜਾਬ ਵਿੱਚ ਸਖਤ ਗਰਮੀ ਦਾ ਦੌਰ ਜਾਰੀ ਹੈ। ਮੌਸਮ ਵਿਭਾਗ ਨੇ ਅੱਜ ਹੀਟਵੇਵ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਰਾਤ ਨੂੰ ਵੀ ਗਰਮੀ ਜ਼ਿਆਦਾ ਰਹੇਗੀ। ਮੌਸਮ ਵਿਭਾਗ ਵੱਲੋਂ ਪਹਿਲੀ ਵਾਰ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਉਂਝ ਪਿਛਲੇ 24 ਘੰਟਿਆਂ ਵਿੱਚ ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ 0.6 ਡਿਗਰੀ ਘੱਟ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦੋ ਦਿਨਾਂ ਤੱਕ ਸੂਬੇ ਦਾ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਹਲਕੀ ਬਾਰਸ਼ ਹੋ ਸਕਦੀ ਹੈ।
ਦਰਅਸਲ ਇਸ ਵਾਰ ਮਾਨਸੂਨ ਨੇ 10 ਦਿਨ ਪਹਿਲਾਂ ਦਸਤਕ ਦਿੱਤੀ ਸੀ ਤੇ ਦੱਖਣੀ ਭਾਰਤ ਨੂੰ ਕਵਰ ਕਰਦੇ ਹੋਏ ਮੱਧ ਮਹਾਰਾਸ਼ਟਰ ਤੱਕ ਪਹੁੰਚ ਗਈ ਸੀ, ਪਰ 2 ਜੂਨ ਤੋਂ ਬਾਅਦ ਮਾਨਸੂਨ ਨੂੰ ਬ੍ਰੇਕ ਲੱਗ ਗਈ। ਇਸ ਬ੍ਰੇਕ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਮਾਨਸੂਨ 13 ਜੂਨ ਦੇ ਆਸਪਾਸ ਦੁਬਾਰਾ ਐਕਟਿਵ ਹੋ ਜਾਵੇਗੀ ਤੇ ਅੱਗੇ ਵਧਣਾ ਸ਼ੁਰੂ ਕਰ ਦੇਵੇਗੀ। ਜੇਕਰ ਮਾਨਸੂਨ ਆਮ ਤਰੀਕੇ ਨਾਲ ਅੱਗੇ ਵਧਦੀ ਹੈ ਤਾਂ 25 ਜੂਨ ਦੇ ਆਸਪਾਸ ਪ੍ਰੀ-ਮੌਨਸੂਨ ਬਾਰਸ਼ ਸ਼ੁਰੂ ਹੋ ਸਕਦੀ ਹੈ।
ਇਸ ਵਾਰ ਗਰਮੀ ਦਾ ਸਭ ਤੋਂ ਵੱਧ ਅਸਰ ਪੰਜਾਬ ਵਿੱਚ ਦਿੱਸ ਰਿਹਾ ਹੈ। ਸੂਬੇ ਦਾ ਪਾਰਾ ਆਮ ਤਾਪਮਾਨ ਨਾਲੋਂ 5.4 ਡਿਗਰੀ ਵੱਧ ਹੈ। ਅੰਮ੍ਰਿਤਸਰ ਤੇ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 45.8 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ 14 ਜੂਨ ਤੱਕ ਲੋਕਾਂ ਨੂੰ ਅਜਿਹੇ ਮੌਸਮ ਦਾ ਸਾਹਮਣਾ ਕਰਨਾ ਪਵੇਗਾ। ਚੰਡੀਗੜ੍ਹ ਵਿੱਚ ਤਾਪਮਾਨ 41.9 ਡਿਗਰੀ ਦਰਜ ਕੀਤਾ ਗਿਆ। ਬਿਜਲੀ ਦੀ ਮੰਗ 16836 ਮੈਗਾਵਾਟ ਤੱਕ ਪਹੁੰਚ ਗਈ।
ਮੌਸਮ ਵਿਭਾਗ ਅਨੁਸਾਰ ਫਰੀਦਕੋਟ, ਫਾਜ਼ਿਲਕਾ, ਮੁਕਤਸਰ, ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਵਿੱਚ ਹੀਟਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਯਾਨੀ ਕਈ ਥਾਵਾਂ 'ਤੇ ਤੇਜ਼ ਹੀਟਵੇਵ ਤੇ ਕੁਝ ਥਾਵਾਂ 'ਤੇ ਗਰਮ ਰਾਤਾਂ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਐਸਏਐਸ ਨਗਰ, ਫਤਿਹਗੜ੍ਹ ਸਾਹਿਬ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਮੋਗਾ, ਸੰਗਰੂਰ, ਰੂਪਨਗਰ ਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਹੀਟਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।






















