ਜਲੰਧਰ: ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਖਿਲਾਫ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ। ਯੂਨੀਅਨ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦਾ ਕਹਿਣਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਰ ਕੰਮ ਅਤੇ ਭਰਤੀ ਪਾਰਦਰਸ਼ੀ ਤੇ ਮੈਰਿਟ ਦੇ ਆਧਾਰ 'ਤੇ ਕਰਨ ਦੇ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਉਹਨਾਂ ਕਿਹਾ ਕਿ 6635 ਅਧਿਆਪਕਾਂ ਦੀ ਭਰਤੀ 'ਚ ਸਿੱਖਿਆ ਵਿਭਾਗ ਵਲੋਂ ਉਮੀਦਵਾਰਾਂ ਨੂੰ ਚੋਣ ਵਾਲੇ ਸਟੇਸ਼ਨ ਨਾ ਦੇ ਕੇ ਦੂਰ ਦੁਰਾਡੇ ਦੇ ਜ਼ਿਲ੍ਹਿਆਂ ਵਿੱਚਲੇ ਸਟੇਸ਼ਨਾਂ ਦੇ ਆਰਡਰ ਕਰਕੇ ਉਨ੍ਹਾਂ ਦੀ ਰੁਜ਼ਗਾਰ ਪ੍ਰਾਪਤ ਕਰਨ ਦੀ ਮਜਬੂਰੀ ਵਿੱਚ ਨਵੇਂ ਅਧਿਆਪਕਾਂ ਨੂੰ ਬੇਘਰ ਕਰਨ ਦੀ ਨਿਖੇਧੀ ਕੀਤੀ ਹੈ। ਜਦੋਂਕਿ ਅਧਿਆਪਕਾਂ ਦੇ ਪਿੱਤਰੀ ਜਿਲ੍ਹਿਆਂ 'ਚ ਪੋਸਟਾਂ ਖ਼ਾਲੀ ਸਨ। ਉਨ੍ਹਾਂ ਦੇ ਜ਼ਿਲ੍ਹਿਆਂ ਵਿੱਚ ਦੂਜੇ ਜ਼ਿਲ੍ਹਿਆਂ ਦੇ ਅਧਿਆਪਕਾਂ ਨੂੰ ਸਟੇਸ਼ਨ ਦਿੱਤੇ ਗਏ ਹਨ।


ਇਸ ਨਾਲ ਅਧਿਆਪਕਾਂ ਨੂੰ ਆਪਣੇ ਘਰ ਤੋਂ 100-200 ਕਿਲੋਮੀਟਰ ਦੂਰ ਦੂਜੇ ਜਿਲ੍ਹਿਆਂ 'ਚ ਜਾ ਕੇ ਪੜ੍ਹਾਉਣ ਲਈ ਮਜਬੂਰ ਕੀਤਾ ਗਿਆ ਹੈ। ਕੋਠਾਰੀ ਕਮਿਸ਼ਨ ਨੇ ਅਧਿਆਪਕਾਂ ਨੂੰ ਉਨ੍ਹਾਂ ਦੀ ਰਿਹਾਇਸ਼ ਦੇ ਨੇੜੇ ਤੋਂ ਨੇੜੇ ਨਿਯੁਕਤ ਕਰਨ ਦੀ ਸ਼ਿਫਾਰਿਸ਼ ਕੀਤੀ ਹੋਈ ਹੈ। ਅਧਿਆਪਕਾਂ ਨੂੰ ਘਰਾਂ ਤੋਂ ਸੈਂਕੜੇ ਮੀਲ ਦੂਰ ਨਿਯੁਕਤ ਕਰਕੇ ਕਿਹੜਾ ਇਨਕਲਾਬ ਲਿਆਉਣਾ ਚਾਹੁੰਦੀ ਹੈ, ਇਹ ਆਮ ਲੋਕਾਂ ਦੇ ਸਮਝੋਂ ਬਾਹਰੀ ਗੱਲ ਹੈ ਪਰ ਇਹ ਸਰਕਾਰ ਪਿਛਲੀ ਸਰਕਾਰ ਦੇ ਹੀ ਰਾਹ ਪਈ ਹੈ, ਇਹ ਸਮਝ ਆਉਂਦੀ ਹੈ।


ਇਸ ਸਰਕਾਰ ਦੇ ਪਾਰਦਰਸ਼ੀ ਹੋਣ ਦੀ ਪੋਲ ਪਹਿਲੀ ਹੀ ਭਰਤੀ 'ਚ ਖੁੱਲ੍ਹ ਗਈ ਹੈ, ਜਿਸ ਦੀ ਜਥੇਬੰਦੀ ਪੂਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਅਤੇ ਜ਼ੋਰਦਾਰ ਮੰਗ ਕਰਦੀ ਹੈ ਕਿ ਕੋਠਾਰੀ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਤੁਰੰਤ 6635 ਅਧਿਆਪਕ ਨੂੰ ਘਰਾਂ ਦੇ ਨੇੜੇ ਤੋਂ ਨੇੜੇ ਸਟੇਸ਼ਨਾਂ ਤੇ ਨਿਯੁਕਤੀ ਪੱਤਰ ਦੇ ਕੇ ਡਿਊਟੀ ਤੇ ਹਾਜਰ ਕਰਵਾਇਆ ਜਾਵੇ ਅਤੇ ਨਵ ਨਿਯੁਕਤ ਅਧਿਆਪਕਾਂ ਦੀ ਖੱਜਲ ਖੁਆਰੀ ਬੰਦ ਕੀਤੀ ਜਾਵੇ। 


ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਲਖ ਰਾਜ, ਬਲਵੀਰ ਭਗਤ, ਅਮਰਜੀਤ ਭਗਤ, ਕੁਲਵੰਤ ਰਾਮ ਰੁੜਕਾ, ਸੁਖਵਿੰਦਰ ਰਾਮ,ਮੰਗਤ ਰਾਮ ਸਮਰਾ, ਰਣਜੀਤ ਠਾਕੁਰ, ਰਾਜਿੰਦਰ ਸਿੰਘ ਭੋਗਪੁਰ, ਸ਼ਿਵ ਰਾਜ ਕੁਮਾਰ, ਰਾਜਿੰਦਰ ਸਿੰਘ ਸ਼ਾਹਕੋਟ, ਪਿਆਰਾ ਸਿੰਘ ਨਕੋਦਰ, ਗੁਰਿੰਦਰ ਸਿੰਘ ਜਲੰਧਰ, ਕਮਲਦੇਵ, ਸੂਰਤੀ ਲਾਲ, ਵਿਨੋਦ ਭੱਟੀ, ਪਰਨਾਮ ਸਿੰਘ ਸੈਣੀ, ਬੂਟਾ ਰਾਮ ਅਕਲਪੁਰ, ਪਰੇਮ ਖਲਵਾੜਾ, ਸੰਦੀਪ ਰਾਜੋਵਾਲ, ਰਾਜੀਵ ਭਗਤ, ਅਨਿਲ ਕੁਮਾਰ ਭਗਤ ਆਦਿ ਸਾਥੀ ਹਾਜ਼ਰ ਹੋਏ।