Punjab News :  ਆਪ ਸਰਕਾਰ ਸੱਤਾ 'ਚ ਆਉਣ ਤੋਂ ਬਾਅਦ ਪਿਛਲੀ ਸਰਕਾਰ ਦੇ ਮੰਤਰੀਆਂ ਤੇ ਅਫ਼ਸਰਾਂ ਦੀਆਂ ਫਾਇਲਾਂ ਚੁੱਕ ਰਹੀ ਹੈ। ਪੁਰਾਣੀ ਸਰਕਾਰ ਦੇ ਕਈ ਮੰਤਰੀ , ਵਿਧਾਇਕ ਅਤੇ ਸਰਕਾਰੀ ਅਧਿਕਾਰੀ ਵਿਜੀਲੈਂਸ ਦੀ ਰਡਾਰ 'ਤੇ ਹਨ  ਅਤੇ ਕਈਆਂ ਖਿਲਾਫ ਕਾਰਵਾਈ ਵੀ ਚੱਲ ਰਹੀ ਹੈ। ਹੁਣ ਪੰਜਾਬ ਵਿਜੀਲੈਂਸ ਬਿਊਰੋ ਨੇ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ (MLA Barindermeet Singh Pahra) ਨੂੰ ਜਾਂਚ ਦੇ ਘੇਰੇ ‘ਚ ਲਿਆ ਹੈ। 


 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਨੇ ਲੀਡ ਬੈਂਕ ਗੁਰਦਾਸਪੁਰ ਦੇ ਮੈਨੇਜਰ ਨੂੰ ਪੱਤਰ ਜਾਰੀ ਕਰਕੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ (MLA Barindermeet Singh Pahra) ਅਤੇ ਉਨ੍ਹਾਂ ਦੇ ਪਰਿਵਾਰ ਸਮੇਤ ਅੱਠ ਵਿਅਕਤੀਆਂ ਦੇ ਖਾਤਿਆਂ ਸਬੰਧੀ ਜਾਣਕਾਰੀ ਮੰਗੀ ਹੈ।



 

ਦੱਸ ਦੇਈਏ ਕਿ ਸੋਸ਼ਲ ਮੀਡਿਆ 'ਤੇ ਇਕ ਪੱਤਰ ਵਾਇਰਲ ਹੋ ਰਿਹਾ ਹੈ, ਜਿਸ ਵਿਚ ਵਿਜੀਲੈਂਸ ਬਿਊਰੋ ਨੇ ਲੀਡ ਬੈਂਕ ਮੈਨੇਜਰ ਗੁਰਦਾਸਪੁਰ ਨੂੰ ਵਿਜੀਲੈਂਸ ਜਾਂਚ ਲਈ ਪੱਤਰ ਜਾਰੀ ਕਰਕੇ ਵਿਧਾਇਕ ਬਰਿੰਦਰਮੀਤ ਸਿੰਘ ਪਾਹਡਾ, ਉਨ੍ਹਾਂ ਦੇ ਭਰਾ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਅਤੇ ਹੋਰ ਕੁਝ  ਵਿਅਕਤੀਆਂ ਸਮੇਤ ਅੱਠ ਵਿਅਕਤੀਆਂ ਦੇ ਬੈਂਕ ਖਾਤਿਆਂ, ਕਰਜ਼ਿਆਂ ਅਤੇ ਲਾਕਰਾਂ ਨਾਲ ਸਬੰਧਤ ਜਾਣਕਾਰੀ ਜਲਦੀ ਤੋਂ ਜਲਦੀ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ।

 

ਇਸ ਬਾਰੇ ਜਦੋਂ ਐਸਐਸਪੀ ਵਿਜੀਲੈਂਸ ਵਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਹੈ ਉਨ੍ਹਾਂ ਨੇ ਇਸ ਪੱਤਰ ਦੀ ਵਿਭਾਗੀ ਸਚਾਈ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਪੱਤਰ ਕਿਸੇ ਬੈਂਕ ਵੱਲੋਂ ਇੱਕੋ 'ਲੀਕ ਆਉਟ' ਕਰ ਦਿੱਤਾ ਗਿਆ ਹੈ ਜਿਸ ਦੀ ਜਾਂਚ ਹੋਵੇਗੀ। ਧਿਆਨਯੋਗ ਹੈ ਕਿ ਇਸ ਪੱਤਰ ਦੇ ਹੇਠਾਂ ਪੀਐਨਬੀ ਬੈਂਕ ਦੇ ਇੱਕ ਕੰਪਿਊਟਰ ਦਾ ਨੰਬਰ ਆ ਰਿਹਾ ਹੈ। ਜਿਸ ਤੋਂ ਪਤਾ ਚੱਲਦਾ ਹੈ ਕਿ ਇੱਕ ਕਰਮਚਾਰੀ ਵੱਲੋਂ ਪੀਐਨਬੀ ਬੈਂਕ ਦੇ ਕੰਪਿਊਟਰ ਤੋਂ ਫੋਟੋਆਂ ਲੈ ਕੇ ਪੱਤਰ ਲੀਕ ਕੀਤਾ ਗਿਆ ਹੈ।

 

ਓਧਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਉਨ੍ਹਾਂ ਨੇ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਹੈ। ਉਨ੍ਹਾਂ ਨੂੰ ਕਿਸੇ ਜਾਂਚ ਦਾ ਕੋਈ ਡਰ ਨਹੀਂ ਹੈ। ਨਾ ਹੀ ਉਸ ਨੂੰ ਉਕਤ ਪੱਤਰ ਸਬੰਧੀ ਫਿਲਹਾਲ ਕੋਈ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਉਕਤ ਪੱਤਰ ਜਾਰੀ ਕੀਤਾ ਗਿਆ ਹੈ ਤਾਂ ਵੀ ਇਹ ਵਿਜੀਲੈਂਸ ਬਿਊਰੋ ਦਾ ਅੰਦਰੂਨੀ ਮਾਮਲਾ ਹੈ। ਇਸ ਦੀ ਚਿੱਠੀ ਦਾ ਲੀਕ ਹੋਣਾ ਵਿਭਾਗ 'ਤੇ ਕਈ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਪੱਤਰ ਲੀਕ ਹੋਣ ਦੀ ਜਾਂਚ ਦੀ ਮੰਗ ਕੀਤੀ ਹੈ।

 

ਕੀ ਹੈ ਪੂਰਾ ਮਾਮਲਾ ? 

 

 3 ਅਕਤੂਬਰ ਨੂੰ ਵਿਜੀਲੈਂਸ ਵਿਭਾਗ ਗੁਰਦਾਸਪੁਰ ਦੇ ਡੀਐਸਪੀ ਨਿਰਮਲ ਸਿੰਘ ਵੱਲੋਂ ਪੱਤਰ ਨੰਬਰ 1326 ਲੀਡ ਬੈਂਕ ਦੇ ਮੈਨੇਜਰ ਦੇ ਨਾਮ ਲਿਖਿਆ ਗਿਆ ਹੈ ,ਜਿਸ ਵਿੱਚ ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ , ਉਨ੍ਹਾਂ ਦੇ ਭਰਾ ਬਲਜੀਤ ਸਿੰਘ ਪਾਹੜਾ ਜੋ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਵੀ ਹਨ, ਪਿਤਾ ਗੁਰਮੀਤ ਸਿੰਘ ਪਾਹੜਾ ਜੋ ਕਾਂਗਰਸ ਦੀ ਪੰਜਾਬ ਕਾਰਜਕਾਰਨੀ ਦੇ ਮੈਂਬਰ ਹਨ ਅਤੇ ਲੇਬਰ ਸੈਲ ਪੰਜਾਬ ਦੇ ਚੇਅਰਮੈਨ ਰਹੇ ਹਨ ਤੋਂ ਇਲਾਵਾ ਪਤਨੀ ਅਤੇ ਹੋਰ ਰਿਸ਼ਤੇਦਾਰਾਂ ਦੀ ਬੈਂਕ ਖਾਤਿਆਂ ਦੀ ਡਿਟੇਲ ਮੰਗੀ ਗਈ ਹੈ।