Punjab News :: ਬੀਤੇ ਕੱਲ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਰਮਦਾਸ ਖੇਤਰ 'ਚੋਂ ਦੋ ਏਕੇ-56, ਆਈਈਡੀ ਤੇ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਯੋਗਰਾਜ ਸਿੰਘ ਉਰਫ ਯੋਗਾ ਰਾਜੋਕੇ ਨੂੰ ਅੱਜ ਦਸ਼ਹਿਰੇ ਦੀ ਛੁੱਟੀ ਹੋਣ ਦੇ ਚੱਲਦਿਆਂ ਅਜਨਾਲਾ ਵਿਖੇ ਡਿਊਟੀ ਮੇੈਜਿਸਟ੍ਰੇਟ ਅੰਕਿਤ ਅੇੈਰੀ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੇ ਡਿਊਟੀ ਮੈਜਿਸਟ੍ਰੇਟ ਨੇ ਯੋਗਰਾਜ ਦਾ ਪੁਲਿਸ ਨੂੰ 2 ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ ਜਦਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਘੱਟੋ -ਘੱਟ 10 ਦਿਨ ਦਾ ਪੁਲਿਸ  ਰਿਮਾਂਡ ਚਾਹੁੰਦੀ ਸੀ ,ਜੋ ਪੁਲਿਸ ਨੂੰ ਅਗਲੀ ਰੈਗੂਲਰ ਪੇਸ਼ੀ ਦੌਰਾਨ ਮਿਲ ਸਕਦਾ ਹੈ। 


 

ਪੁਲਿਸ ਸੂਤਰਾਂ ਦੀ ਮੰਨੀਏ ਤਾਂ ਯੋਗਰਾਜ ਵੱਲੋਂ ਡਰੋਨ ਜ਼ਰੀਏ ਇਸ ਤੋਂ ਪਹਿਲਾਂ ਵੀ ਨਸ਼ੀਲੇ ਪਦਾਰਥਾਂ/ ਹਥਿਆਰਾਂ ਦੀਆਂ ਖੇਪਾਂ ਮੰਗਵਾਏ ਜਾਣ ਦੀ ਸੰਭਾਵਨਾ ਹੈ ਤੇ ਪੁਲਿਸ ਇਸ ਸਭ ਦੀ ਤਫਤੀਸ਼ ਕਰਨਾ ਚਾਹੁੰਦੀ ਹੈ ਕਿਉੰਕਿ ਪਿਛਲੇ ਸਮੇਂ 'ਚ ਕੈਨੇਡਾ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਤੇ ਪਾਕਿਸਤਾਨ ਬੈਠਾ ਹਰਵਿੰਦਰ ਸਿੰਘ ਰਿੰਦਾ ਭਾਰਤ 'ਚ ਕਿਸੇ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਦੀ ਤਾਕ 'ਚ ਹਨ ਤੇ ਇਸ ਬਾਬਤ ਯੋਗਰਾਜ ਕੋਲੋਂ ਅਹਿਮ ਸੁਰਾਗ ਪਤਾ ਲੱਗ ਸਕਦੇ ਹਨ। 

 

ਯੋਗਰਾਜ ਕਈ ਜ਼ਿਲਿਆਂ ਦੀ ਪੁਲਿਸ ਤੋਂ ਇਲਾਵਾ ਅੇੈਸਅੇੈਸਓਸੀ, ਅੇੈਸਟੀਅੇੈਫ ਤੋਂ ਇਲਾਵਾ ਕਈ ਕੇਂਦਰੀ ਏਜੰਸੀਆਂ ਦੀ ਰਾਡਾਰ 'ਤੇ ਵੀ ਹੈ ਤੇ ਇਸ ਕੋਲੋਂ ਸਾਰੀਆਂ ਏਜੰਸੀਆਂ ਪੁੱਛਗਿੱਛ ਕਰਨਾ ਚਾਹੁੰਦੀਆਂ ਹਨ, ਜਿਨਾਂ ਨੇ ਬੀਤੇ ਕੱਲ ਦਾ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ ਤੇ ਅੰਮ੍ਰਿਤਸਰ  ਦਿਹਾਤੀ ਪੁਲਿਸ ਦੇ ਅੇੈਸਅੇੈਸਪੀ ਸਵਪਨ ਸ਼ਰਮਾ ਖੁਦ ਆਪਣੀ ਨਿਗਰਾਨੀ 'ਚ ਯੋਗਰਾਜ ਕੋਲੋਂ ਪੁੱਛਗਿੱਛ ਕਰਵਾ ਰਹੇ ਹਨ।

 


 

ਦੱਸ ਦੇਈਏ ਕਿ ਬੀਤੇ ਕੱਲ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਯੋਗਰਾਜ ਸਿੰਘ ਨੂੰ ਭਾਰੀ ਮਾਤਰਾ 'ਚ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਸੀ। ਪੁਲਿਸ ਦੀਆਂ ਕਈ ਟੀਮਾਂ ਯੋਗਰਾਜ ਕੋਲੋਂ ਪੁੱਛਗਿੱਛ 'ਚ ਲੱਗ ਗਈਆਂ ਹਨ। ਯੋਗਰਾਜ 2019 ਤੋਂ ਪੰਜਾਬ ਪੁਲਿਸ ਸਮੇਤ ਹੋਰ ਕਈ ਕੇਂਦਰੀ ਏਜੰਸੀਆਂ ਨੂੰ ਲੋੜੀਂਦਾ ਸੀ। 2019 'ਚ ਐਸਐਸਓਸੀ ਵੱਲੋਂ ਸਰਹੱਦੀ ਪਿੰਡ ਮੁਹਾਵਾ ਤੋਂ ਬਰਾਮਦ ਕੀਤੀਆਂ ਪੰਜ ਅਸਾਲਟ ਰਾਈਫਲਾਂ ਦੇ ਮਾਮਲੇ 'ਚ ਯੋਗਰਾਜ ਉਰਫ ਯੋਗਾ ਵੀ ਨਾਮਜਦ ਸੀ ਤੇ ਉਸ ਵੇਲੇ ਤੋਂ ਫਰਾਰ ਸੀ। ਐਸਐਸਓਸੀ ਨੇ ਉਸ ਵੇਲੇ 20 ਸਾਲਾ ਨੌਜਵਾਨ ਆਕਾਸ਼ ਨਾਮ ਦੇ ਮੁਲਜਮ ਨੂੰ ਗ੍ਰਿਫਤਾਰ ਕੀਤਾ ਸੀ ਤੇ ਯੋਗਰਾਜ ਫਰਾਰ ਹੋ ਗਿਆ ਸੀ।