ਪੰਜਾਬ ਦੇ ਕਿਹੜੇ ਦੋ ਮੁੱਖ ਮੰਤਰੀਆਂ ਨੇ 900 ਏਕੜ ’ਤੇ ਨਜਾਇਜ਼ ਕਬਜ਼ਾ? ਨਵਜੋਤ ਸਿੱਧੂ ਦਾ ਦਾਅਵੇ ਮਗਰੋਂ ਸਿਆਸੀ ਭੂਚਾਲ
ਸਿੱਧੂ ਨੇ ਹਾਲਾਂਕਿ ਦੋਵਾਂ ਮੁੱਖ ਮੰਤਰੀਆਂ ਦੇ ਨਾਮ ਜਨਤਕ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਰਿਪੋਰਟ ਵਿਚਲੇ ਨਾਮ ਜਨਤਕ ਹੋ ਗਏ ਤਾਂ ਸਿਆਸਤ ’ਚ ਭੂਚਾਲ ਆ ਜਾਵੇਗਾ।
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਦੋ ਮੁੱਖ ਮੰਤਰੀਆਂ ਨੇ 900 ਏਕੜ ’ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਸਿੱਧੂ ਦੇ ਇਸ ਦਾਅਵੇ ਮਗਰੋਂ ਸਿਆਸੀ ਭੂਚਾਲ ਆ ਗਿਆ ਹੈ। ਚਰਚਾ ਛਿੜ ਗਈ ਹੈ ਕਿ ਆਖਰ ਉਹ ਕਿਹੜੇ ਦੋ ਮੁੱਖ ਮੰਤਰੀ ਹਨ ਜਿਨ੍ਹਾਂ ਨੇ ਜ਼ਮੀਨਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੈ। ਸਵਾਲ ਇਹ ਵੀ ਉੱਠ ਰਹੇ ਹਨ ਕਿ ਇਸ ਵੇਲੇ ਕਾਂਗਰਸ ਦੀ ਸਰਕਾਰ ਹੈ ਤਾਂ ਫਿਰ ਨਵਜੋਤ ਸਿੱਧੂ ਉਨ੍ਹਾਂ ਖਿਲਾਫ ਕਾਰਵਾਈ ਕਿਉਂ ਨਹੀਂ ਕਰਵਾ ਰਹੇ।
ਦਰਅਸਲ ਨਵਜੋਤ ਸਿੱਧੂ ਨੇ ਮਾਫ਼ੀਆ ਰਾਜ ਦੀ ਗੱਲ ਕਰਦਿਆਂ ਕਿਹਾ ਹੈ ਕਿ ਮੁਹਾਲੀ ਖ਼ਿੱਤੇ ਵਿੱਚ ਡੇਢ ਲੱਖ ਕਰੋੜ ਦੀ ਜ਼ਮੀਨ ’ਤੇ ਨਜਾਇਜ਼ ਕਬਜ਼ੇ ਹਨ ਤੇ ਜ਼ਮੀਨੀ ਰਿਕਾਰਡ ਨਾਲ ਛੇੜਛਾੜ ਕੀਤੀ ਗਈ ਹੈ। ਉਨ੍ਹਾਂ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਕਰੀਬ 900 ਏਕੜ ਜ਼ਮੀਨ ’ਤੇ ਸਿਰਫ਼ ਦੋ ਮੁੱਖ ਮੰਤਰੀਆਂ ਦਾ ਕਬਜ਼ਾ ਹੈ।
ਸਿੱਧੂ ਨੇ ਹਾਲਾਂਕਿ ਦੋਵਾਂ ਮੁੱਖ ਮੰਤਰੀਆਂ ਦੇ ਨਾਮ ਜਨਤਕ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਰਿਪੋਰਟ ਵਿਚਲੇ ਨਾਮ ਜਨਤਕ ਹੋ ਗਏ ਤਾਂ ਸਿਆਸਤ ’ਚ ਭੂਚਾਲ ਆ ਜਾਵੇਗਾ। ਉਧਰ, ਸਿੱਧੂ ਦੇ ਇਸ ਦਾਅਵੇ ਮਗਰੋਂ ਸਵਾਲ ਉੱਠ ਰਹੇ ਹਨ ਕਿ ਜੇ ਕਾਂਗਰਸ ਦੇ ਪ੍ਰਧਾਨ ਨੂੰ ਸਭ ਪਤਾ ਹੈ ਤਾਂ ਉਹ ਕਾਰਵਾਈ ਕਿਉਂ ਨਹੀਂ ਕਰਦੇ ਜਦੋਂਕਿ ਇਸ ਵੇਲੇ ਉਨ੍ਹਾਂ ਦੀ ਹੀ ਸਰਕਾਰ ਹੈ।
ਦੱਸ ਦਈਏ ਕਿ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਨੇ ਚੰਡੀਗੜ੍ਹ ਦੇ ਦੁਆਲੇ ਮਹਿੰਗੀਆਂ ਜ਼ਮੀਨਾਂ ਉੱਪਰ ਸਿਆਸੀ ਲੋਕਾਂ ਤੇ ਅਫਸਰਾਂ ਦੇ ਕਬਜ਼ੇ ਬਾਰੇ ਰਿਪੋਰਟ ਪੇਸ਼ ਕੀਤੀ ਸੀ ਪਰ ਉਸ ਉੱਪਰ ਅਜੇ ਤੱਕ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਹੋਈ। ਸਿੱਧੂ ਨੇ ਕਿਹਾ ਹੈ ਕਿ ਜੇਕਰ ਰਿਪੋਰਟ ਪੜ੍ਹੋ ਤਾਂ ਇਸ ਵਿੱਚ ਕਈ ਨੇਤਾਵਾਂ ਦੇ ਨਾਂ ਹਨ। ਇਨ੍ਹਾਂ ਬਾਰੇ ਜਾਣ ਕੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :