Punjab News: ਪੰਜਾਬ ਪੁਲਿਸ ਨੇ ਦਿੱਲੀ ਅਤੇ ਹਰਿਆਣਾ ਵਿੱਚ ਸਥਿਤ ਫਾਰਮਾਸਿਊਟੀਕਲ ਫੈਕਟਰੀਆਂ ਤੋਂ ਗੈਰ-ਕਾਨੂੰਨੀ ‘ਓਪੀਔਡਜ਼’ ਸਪਲਾਈ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਓਪੀਓਡ ਦਵਾਈਆਂ ਦੀ ਇੱਕ ਸ਼੍ਰੇਣੀ ਹੈ ਜੋ ਅਫੀਮ ਪੋਪੀ ਦੇ ਪੌਦੇ ਵਿੱਚ ਪਾਏ ਜਾਣ ਵਾਲੇ ਕੁਦਰਤੀ ਪਦਾਰਥਾਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ।


ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਸਥਾਨਕ ਨਸ਼ਾ ਤਸਕਰ ਗੌਰਵ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੇ ਮਾਮਲੇ ਵਿੱਚ ਕੀਤੀ ਗਈ ਤਿੰਨ ਮਹੀਨਿਆਂ ਦੀ ਡੂੰਘਾਈ ਨਾਲ ਜਾਂਚ ਤੋਂ ਬਾਅਦ ਨਕਲੀ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ।


ਤਸਕਰ ਕਾਬੂ ਕਰਕੇ ਕੀਤੀ ਵੱਡੀ ਕਾਰਵਾਈ


ਇੱਕ ਅਧਿਕਾਰਤ ਬਿਆਨ ਵਿੱਚ, ਗੌਰਵ ਯਾਦਵ ਨੇ ਕਿਹਾ ਕਿ ਇੱਕ ਤਸਕਰ ਦੀ ਗ੍ਰਿਫਤਾਰੀ ਤੋਂ ਬਾਅਦ, ਉਸਦੀ ਸੂਹ 'ਤੇ ਚੱਲਦਿਆਂ, ਪੁਲਿਸ ਨੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਨਿਰਮਾਤਾ, ਦਿੱਲੀ ਦੇ ਸੁਮਿਤ ਅਗਰਵਾਲ ਨੂੰ ਟਰੇਸ ਕਰਨ ਅਤੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਅਗਰਵਾਲ Paxons Pharmaceuticals Pvt Ltd ਦਾ ਮਾਲਕ ਹੈ, ਜਿਸ ਦੀਆਂ ਦਿੱਲੀ ਵਿੱਚ ਰੋਹਿਣੀ ਅਤੇ ਹਰਿਆਣਾ ਵਿੱਚ ਬਹਾਦੁਰਗੜ੍ਹ ਵਿੱਚ ਯੂਨਿਟ ਹਨ।


ਪੁਲਿਸ ਨੇ ਸਥਾਨਕ ਡਰੱਗ ਇੰਸਪੈਕਟਰ ਦੀ ਮੌਜੂਦਗੀ ਵਿੱਚ ਬਹਾਦਰਗੜ੍ਹ ਸਥਿਤ ਫਾਰਮਾ ਫੈਕਟਰੀ 'ਤੇ ਵੀ ਛਾਪਾ ਮਾਰਿਆ ਅਤੇ ਲਗਭਗ 6 ਲੱਖ ਰੁਪਏ ਦੇ ਬਿਨਾਂ ਲੇਬਲ ਵਾਲੇ ਟੀਕਿਆਂ ਸਮੇਤ ਕਈ ਗੈਰ ਕਾਨੂੰਨੀ ਦਸਤਾਵੇਜ਼ ਬਰਾਮਦ ਕੀਤੇ।


ਹੁਣ ਤੱਕ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ


ਰੋਪੜ ਰੇਂਜ ਦੇ ਇੰਸਪੈਕਟਰ ਜਨਰਲ ਗੁਰਪ੍ਰੀਤ ਸਿੰਘ ਭੁੱਲਰ, ਫਤਹਿਗੜ੍ਹ ਸਾਹਿਬ ਦੇ ਐਸਐਸਪੀ ਡਾ: ਰਵਜੋਤ ਕੌਰ ਗਰੇਵਾਲ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਮਾਮਲੇ ਵਿੱਚ ਹੁਣ ਤੱਕ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਵੱਲੋਂ ਫੜੇ ਗਏ ਪੰਜ ਮੁਲਜ਼ਮਾਂ ਦੀ ਪਛਾਣ ਮੁਹੰਮਦ ਸਲਮਾਨ, ਮੁਹੰਮਦ ਅਰਬਾਜ਼, ਰਾਕੇਸ਼ ਕੁਮਾਰ, ਮੁਹੰਮਦ ਸਹਿਬੇਜ਼ ਅਤੇ ਧਨਸ਼ਿਆਮ ਸ਼ਰਮਾ ਵਜੋਂ ਹੋਈ ਹੈ।


ਫੜੇ ਗਏ ਤਿੰਨ ਸਪਲਾਇਰਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਆਗਰਾ ਤੋਂ ਨਸ਼ੀਲੇ ਪਦਾਰਥਾਂ ਦੀ ਖਰੀਦਦਾਰੀ ਕਰਦੇ ਸਨ। ਇੱਕ ਹੋਰ ਮੁਲਜ਼ਮ ਰਾਕੇਸ਼ ਕੁਮਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਹ ਆਗਰਾ ਵਿੱਚ ਨਸ਼ੀਲੇ ਪਦਾਰਥਾਂ ਦੇ ਇੱਕ ਗੈਰ-ਕਾਨੂੰਨੀ ਗੋਦਾਮ ਦਾ ਮਾਲਕ ਹੈ।