ਪੰਜਾਬ ਪੁਲਿਸ ਵੱਲੋਂ ਗੈਂਗਸਟਰ ਬਣੇ ਅੱਤਵਾਦੀ ਲਖਬੀਰ ਲੰਡਾ ਨਾਲ ਸਬੰਧਤ ਵਿਅਕਤੀਆਂ ‘ਤੇ ਸੂਬਾ ਪੱਧਰੀ ਛਾਪੇਮਾਰੀ
ਪੰਜਾਬ ਪੁਲਿਸ ਨੇ ਐਤਵਾਰ ਨੂੰ ਗੈਂਗਸਟਰ ਬਣੇ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ.ਨਾਲ ਜੁੜੇ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ‘ਤੇ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ।
Punjab News: ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਗੈਂਗਸਟਰ-ਅੱਤਵਾਦੀ ਗਠਜੋੜ ਵਿਰੁੱਧ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਐਤਵਾਰ ਨੂੰ ਗੈਂਗਸਟਰ ਬਣੇ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ.ਨਾਲ ਜੁੜੇ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ‘ਤੇ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ।
ਤਰਨਤਾਰਨ ਜਿਲੇ ਦੇ ਪਿੰਡ ਹਰੀਕੇ ਦੇ ਲਖਬੀਰ ਲੰਡੇ ਨਾਲ ਸਬੰਧਤ , ਚੱਲ ਰਹੇ ਵੱਖ ਵੱਖ ਕੇਸਾਂ ਨੂੰ ਅੰਜਾਮ ਤੱਕ ਪਹੁੰਚਾਉਣ ਦੇ ਮੱਦੇਨਜ਼ਰ ਉਕਤ ਗੈਂਗਸਟਰ ਨਾਲ ਜੁੜੇ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ’ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ। ਇਸ ਆਪਰੇਸ਼ਨ ਦਾ ਉਦੇਸ਼ ਭਾਰਤ ਅਤੇ ਵਿਦੇਸ਼ਾਂ ‘ਚ ਸਥਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਆਪਸੀ ਗਠਜੋੜ ਨੂੰ ਸਾਬੋਤਾਜ ਕਰਨਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਦੀਆਂ 142 ਪਾਰਟੀਆਂ, ਜਿਨਾਂ ਵਿੱਚ 800 ਦੇ ਕਰੀਬ ਪੁਲਿਸ ਮੁਲਾਜਮਾਂ ਸ਼ਾਮਲ ਸਨ, ਵੱਲੋਂ ਦਿਨ ਭਰ ਚੱਲੇ ਆਪ੍ਰੇਸ਼ਨ ਦੌਰਾਨ ਲੰਡਾ ਨਾਲ ਸਬੰਧਤ 334 ਵਿਅਕਤੀਆਂ ‘ਤੇ ਛਾਪੇਮਾਰੀ ਕੀਤੀ ਗਈ। ਉਨਾਂ ਦੱਸਿਆ ਕਿ ਇਕੱਲੇ ਤਰਨਤਾਰਨ ਜ਼ਿਲੇ ਵਿੱਚ ਹੀ 65 ਪੁਲੀਸ ਪਾਰਟੀਆਂ ਨੇ ਲਖਬੀਰ ਲੰਡਾ ਨਾਲ ਸਬੰਧਤ 171 ਵਿਅਕਤੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ।
ਉਨਾਂ ਕਿਹਾ, “ਅੱਜ ਦੀ ਤਲਾਸ਼ੀ ਦੀ ਯੋਜਨਾ ਹਾਲ ਹੀ ਵਿੱਚ ਲਖਬੀਰ ਲੰਡਾ ਦੀ ਹਮਾਇਤ ਵਾਲੇ ਮਾਡਿਊਲਾਂ ਦੇ ਪਰਦਾਫਾਸ਼ ਕੀਤੇ ਜਾਣ ’ਤੇ ਕਈ ਵਿਅਕਤੀਆਂ ਦੀ ਪੁੱਛਗਿੱਛ ਤੋਂ ਬਾਅਦ ਅੰਜਾਮ ਵਿਚ ਲਿਆਂਦੀ ਗਈ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਵਿੱਚ ਖ਼ੌਫ਼ ਪੈਦਾ ਕੀਤਾ ਜਾ ਸਕੇ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਜਾ ਸਕੇ”
ਹੋਰ ਵੇਰਵੇ ਸਾਂਝੇ ਕਰਦੇ ਹੋਏ, ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ (ਏਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁੁਕਲਾ ਨੇ ਕਿਹਾ ਕਿ ਹੋਰ ਪੁੱਛ-ਪੜਤਾਲ ਲਈ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨਾਂ ਦੇ ਕਬਜੇ ਵਿੱਚੋਂ ਅਪਰਾਧਕ ਸਮੱਗਰੀ ਜਬਤ ਕੀਤੀ ਗਈ ਹੈ, ਜਿਨਾਂ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।
ਉਨਾਂ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਇਕੱਤਰ ਕੀਤੇ ਗਏ ਅੰਕੜਿਆਂ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਕੈਨੇਡਾ ਸਥਿਤ ਗੈਂਗਸਟਰ ਤੋਂ ਅੱਤਵਾਦੀ ਬਣ ਗਿਆ ਲਖਬੀਰ ਸਿੰਘ ਉਰਫ ਲੰਡਾ ਪੰਜਾਬ ਅਤੇ ਵਿਦੇਸ਼ਾਂ ‘ਚ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ‘ਚ ਸ਼ਾਮਲ ਹੈ, ਜੋ ਪੰਜਾਬ ਪੁਲਸ ਦਾ ਮੋਸਟ ਵਾਂਟੇਡ ਅਪਰਾਧੀ ਹੈ। ਉਹ ਿਸ੍ਰੇਣੀ-ਏ ਦਾ ਗੈਂਗਸਟਰ ਹੈ ਜੋ 2017 ਵਿੱਚ ਵੱਖ-ਵੱਖ ਜੁਰਮ ਕਰਨ ਤੋਂ ਬਾਅਦ ਕੈਨੇਡਾ ਭੱਜ ਗਿਆ ਸੀ। ਕੈਨੇਡਾ ਵਿੱਚ ਬੈਠ ਕੇ ਉਹ ਪੰਜਾਬ ਵਿੱਚ ਫਿਰੌਤੀ, ਹੱਤਿਆਵਾਂ ਅਤੇ ਹੋਰ ਦਹਿਸ਼ਤੀ ਅਪਰਾਧਾਂ ਵਿੱਚ ਸ਼ਾਮਲ ਗੈਂਗਸਟਰਾਂ ਦਾ ਇੱਕ ਨੈੱਟਵਰਕ ਚਲਾਉਂਦਾ ਹੈ। ਉਹ ਵੱਖ-ਵੱਖ ਦੇਸ਼ਾਂ ਵਿਚ ਰਹਿੰਦੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇਨਾਂ ਅਪਰਾਧਾਂ ਨੂੰ ਅੰਜਾਮ ਦਿੰਦਾ ਰਿਹਾ ਹੈ। ਉਹ ਪਾਕਿਸਤਾਨ ਸਥਿਤ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਨਜਦੀਕੀ ਸਾਥੀ ਹੈ ਅਤੇ ਉਸਨੂੰ ਪਾਕਿਸਤਾਨ ਦੀ ਆਈਐਸਆਈ ਵੱਲੋਂ ਵੀ ਹਮਾਇਤ ਪ੍ਰਾਪਤ ਹੈ।
ਉਹ ਹਾਲ ਹੀ ਵਿੱਚ ਸਰਹਾਲੀ ਦੇ ਇੰਟੈਲੀਜੈਂਸ ਹੈੱਡਕੁਆਰਟਰ ਅਤੇ ਪੁਲਿਸ ਥਾਣੇ ਦੀ ਇਮਾਰਤ ‘ਤੇ ਹੋਏ ਆਰ.ਪੀ.ਜੀ. ਹਮਲਿਆਂ ਦਾ ਮਾਸਟਰਮਾਈਂਡ ਸੀ। ਉਹ ਕਤਲ, ਐਨਡੀਪੀਐਸ ਐਕਟ, ਫਿਰੌਤੀ ਵਸੂਲਣ, ਫਿਰੌਤੀ ਅਤੇ ਦਹਿਸ਼ਤ ਫੈਲਾਉਣ ਨਾਲ ਸਬੰਧਤ 31 ਐਫਆਈਆਰਜ ਦਾ ਸਾਹਮਣਾ ਕਰ ਰਿਹਾ ਹੈ।