ਚੰਡੀਗੜ੍ਹ: ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਕਾਂਸਟੇਬਲਾਂ ਦੀਆਂ ਭਰਤੀਆਂ ਕਾਂਗਰਸ ਦੇ ਸਮੇਂ 'ਚ ਹੀ ਕਰ ਦਿੱਤੀਆਂ ਗਈਆਂ ਸਨ। ਚੋਣ ਜ਼ਾਬਤਾ ਲੱਗਣ ਤੋਂ ਬਾਅਦ ਤੁਸੀਂ 5 ਮਹੀਨੇ ਜਾਣਬੁੱਝ ਕੇ ਫਾਈਲਾਂ ਨੂੰ ਰੋਕਦੇ ਹੋਏ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ। ਰੰਧਾਵਾ ਨੇ ਕਿਹਾ ਕਿ ਲੱਗਦਾ ਹੈ ਤੁਹਾਨੂੰ ਪਿਛਲੀਆਂ ਸਰਕਾਰਾਂ ਦੇ ਉਪਰਾਲਿਆਂ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਆਦਤ ਪੈ ਗਈ ਹੈ।
ਦਰਅਸਲ 'ਚ ਮੰਗਲਵਾਰ ਨੂੰ 4358 ਨਵੇਂ ਭਰਤੀ ਹੋਏ ਪੁਲਿਸ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਸਨ। ਸੀਐਮ ਭਗਵੰਤ ਮਾਨ ਨੇ ਚੁਣੇ ਗਏ ਕਰਮਚਾਰੀਆਂ ਨੂੰ ਪੱਤਰ ਸੌਂਪੇ। ਇਨ੍ਹਾਂ ਭਰਤੀ ਕੀਤੇ ਗਏ ਪੁਲਿਸ ਮੁਲਾਜ਼ਮਾਂ ਵਿੱਚੋਂ 62.18 ਫੀਸਦੀ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਹਨ, ਜਦੋਂਕਿ 1648 ਮੁਲਾਜ਼ਮ 12ਵੀਂ ਪਾਸ ਹਨ। ਇਸ ਦੇ ਨਾਲ ਹੀ ਕੁੱਲ ਭਰਤੀ ਕੀਤੇ ਗਏ ਪੁਲਿਸ ਮੁਲਾਜ਼ਮਾਂ ਵਿੱਚੋਂ 2930 ਪੁਲਿਸ ਮੁਲਾਜ਼ਮ 18 ਤੋਂ 25 ਸਾਲ ਦੀ ਉਮਰ ਦੇ ਹਨ ਤੇ 816 ਮੁਲਾਜ਼ਮ 26 ਤੋਂ 30 ਸਾਲ ਦੀ ਉਮਰ ਦੇ ਹਨ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਹ ਭਰਤੀ ਆਖਰੀ ਭਰਤੀ ਨਹੀਂ। ਪੁਲਿਸ ਦੀ ਭਰਤੀ ਜਾਰੀ ਰਹੇਗੀ। ਪੁਲਿਸ ਵਿਭਾਗ ਵਿੱਚ ਖਾਲੀ ਪਈਆਂ 5739 ਅਸਾਮੀਆਂ ਲਈ ਭਰਤੀ ਵੀ ਜਲਦੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਦੀ ਸਰਕਾਰ ਨੇ 5 ਮਹੀਨਿਆਂ ਵਿੱਚ 17313 ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀਆਂ ਦਿੱਤੀਆਂ ਹਨ।
ਜ਼ਿਕਰਯੋਗ ਹੈ ਕਿ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਚੰਡੀਗੜ੍ਹ ‘ਚ ਇਕ ਸਮਾਗਮ ਰੱਖਿਆ ਗਿਆ ਸੀ ਜਿਸ ਵਿੱਚ ਮੁੱਖ ਮੰਤਰੀ ਤੋਂ ਇਲਾਵਾ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਤੇ ਹੋਰ ਪੁਲਿਸ ਅਫਸਰ ਦੇ ਉੱਚ ਅਧਿਕਾਰੀ ਮੌਜੂਦ ਸਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ ਮੁਲਾਜ਼ਮਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੰਜਾਬ ਪੁਲਸ ਦੇ ਨਵੇਂ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਵੰਡ ਕੇ ਜਨਤਾ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਪਾਰਦਰਸ਼ੀ ਢੰਗ ਨਾਲ ਸਰਕਾਰੀ ਕਰਮਚਾਰੀਆਂ ਦੀ ਨਿਯੁਕਤੀ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਨੂੰ ਲੈ ਕੇ ਪੰਜਾਬ ਸਰਕਾਰ ਚਿੰਤਤ ਹੈ।