ਜਲੰਧਰ: ਪੰਜਾਬ ਕਾਉਂਟਰ ਇੰਟੈਲੀਜੈਂਸ ਦੀ ਟੀਮ ਨੇ ਚਾਰ ਪੰਜਾਬੀ ਮੁੰਡਿਆਂ ਨੂੰ ਫੜ ਕੇ ਇਹ ਦਾਅਵਾ ਕੀਤਾ ਹੈ ਕਿ ਉਹ ਪਾਕਿਸਤਾਨੀ ਖੂਫੀਆ ਏਜੰਸੀ ਆਈਐਸਆਈ ਨਾਲ ਜੁੜੇ ਹਨ। ਚਾਰੇ ਮੁੰਡੇ ਨਵਾਂਸ਼ਹਿਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ।
ਕਾਉਂਟਰ ਇੰਟੈਲੀਜੈਂਸ ਦੇ ਏਆਈਜੀ ਹਰਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਨੌਜਵਾਨ ਮੁੰਡਿਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸੇ ਸਿਲਸਿਲੇ ਵਿੱਚ ਕੁਝ ਦਿਨ ਪਹਿਲਾਂ ਨਵਾਂਸ਼ਹਿਰ ਜ਼ਿਲ੍ਹੇ ਦੇ ਬੰਗਾ ਇਲਾਕੇ ਵਿੱਚ ਰੈਫਰੈਂਡਮ-2020 ਦੇ ਪੋਸਟਰ ਵੀ ਲਾਏ ਗਏ ਸੀ।
ਹਰਕੰਵਲਪ੍ਰੀਤ ਸਿੰਘ ਮੁਤਾਬਕ ਚਾਰਾਂ ਮੁੰਡਿਆਂ ਨੇ ਮੰਨਿਆ ਹੈ ਕਿ ਉਹ ਆਈਐਸਆਈ ਲਈ ਕੰਮ ਕਰਦੇ ਸਨ। ਆਈਐਸਆਈ ਏਜੰਟ ਦੀਪ ਕੌਰ ਰੈਫਰੈਂਡਮ 2020 ਫੇਸਬੁਕ ਰਾਹੀਂ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਪੁਲਿਸ ਨੇ ਚਾਰਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਇਨ੍ਹਾਂ ਨੂੰ 4 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ।
ਪੁਲਿਸ ਮੁਤਾਬਕ ਆਈਐਸਆਈ ਸੋਸ਼ਲ ਮੀਡੀਆ ਰਾਹੀਂ ਘੱਟ ਉਮਰ ਦੇ ਮੁੰਡਿਆਂ ਨੂੰ ਲੱਭ ਕੇ ਉਨ੍ਹਾਂ ਦਾ ਬ੍ਰੇਨ ਵਾਸ਼ ਕਰਦੀ ਹੈ ਤੇ ਫਿਰ ਉਨ੍ਹਾਂ ਤੋਂ ਮਾਹੌਲ ਖਰਾਬ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਈਐਸਆਈ ਨੇ ਇਹ ਕੰਮ ਮਲੇਸ਼ੀਆ ਵਿੱਚ ਰਹਿ ਰਹੀ ਦੀਪ ਕੌਰ ਨਾਂ ਦੀ ਔਰਤ ਨੂੰ ਦਿੱਤਾ ਹੋਇਆ ਹੈ। ਉਹੀ ਇਨ੍ਹਾਂ ਮੁੰਡਿਆਂ ਨੂੰ ਲੱਭਦੀ ਹੈ ਤੇ ਪੈਸੇ ਭੇਜ ਕੇ ਮਾਹੌਲ ਖਰਾਬ ਕਰਵਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ।