ਪੰਜਾਬ ਪੁਲਿਸ ਅਲਰਟ, ਆਜ਼ਾਦੀ ਦਿਵਸ ਤੋਂ ਪਹਿਲਾਂ ਲੁਧਿਆਣਾ ਪੁਲਿਸ ਦੀ ਮੌਕ ਡ੍ਰਿਲ
15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਸ਼ਹਿਰ ’ਚ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਦੌਰਾਨ ਕਿਸੇ ਅੱਤਵਾਦੀ ਹਮਲੇ ਜਾਂ ਥਾਣੇ ਨੂੰ ਨਿਸ਼ਾਨਾ ਬਣਾਉਣ ਦੇ ਇਨਪੁੱਟ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਅਲਰਟ 'ਤੇ ਹੈ।
ਲੁਧਿਆਣਾ: 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਸ਼ਹਿਰ ’ਚ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਦੌਰਾਨ ਕਿਸੇ ਅੱਤਵਾਦੀ ਹਮਲੇ ਜਾਂ ਥਾਣੇ ਨੂੰ ਨਿਸ਼ਾਨਾ ਬਣਾਉਣ ਦੇ ਇਨਪੁੱਟ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਅਲਰਟ 'ਤੇ ਹੈ। ਅਜਿਹੇ 'ਚ ਹਾਲਾਤ ਸੰਭਾਲਣ ਲਈ ਪੁਲਿਸ ਬਿਲਕੁਲ ਤਿਆਰ ਹੈ।ਇਸ ਵਾਰ ਆਜ਼ਾਦੀ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਨੇ ਲੁਧਿਆਣਾ 'ਚ ਤਿਰੰਗਾ ਲਹਿਰਾਉਣਾ ਹੈ।ਇਸ ਕਾਰਨ ਲੁਧਿਆਣਾ ਪੁਲਿਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ।
ਇਸ ਲਈ ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਥਾਣੇ ’ਤੇ ਜਾਂ ਕਿਸੇ ਸਰਕਾਰੀ ਇਮਾਰਤ ’ਤੇ ਹਮਲੇ ਤੋਂ ਬਾਅਦ ਪੁਲਿਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅਤੇ ਰਿਸਪਾਂਸ ਸਮਾਂ ਦੇਖਣ ਲਈ ਸੋਮਵਾਰ ਨੂੰ ਇਕ ਮੌਕ ਡ੍ਰਿਲ ਕਰਵਾਈ। ਇਸ ਦੌਰਾਨ ਜੁਆਇੰਟ CP (ਸਿਟੀ) ਨਰਿੰਦਰ ਭਾਰਗਵ ਅਤੇ ਜੁਆਇੰਟ ਸੀ. ਪੀ. (ਦਿਹਾਤੀ) ਰਵਚਰਨ ਸਿੰਘ ਬਰਾੜ ਵੀ ਮੌਜੂਦ ਰਹੇ।
ਇਸ ਤੋਂ ਇਲਾਵਾ ਸ਼ਹਿਰ ਦੇ ਕਈ ਪੁਲਿਸ ਅਧਿਕਾਰੀ ਅਤੇ ਪੈਰਾਮਿਲਟਰੀ ਫੋਰਸ ਵੀ ਮੌਜੂਦ ਰਹੀ। ਰਿਸਪਾਂਸ ਸਮਾਂ ਚੈੱਕ ਕਰਨ ਤੋਂ ਬਾਅਦ ਸਾਰੇ ਪੁਲਿਸ ਅਧਿਕਾਰੀਆਂ ਅਤੇ ਥਾਣਾ ਪੁਲਿਸ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤੇ ਗਏ। ਸੋਮਵਾਰ ਸਵੇਰੇ ਕਰੀਬ ਸਾਢੇ 11 ਵਜੇ ਸਭ ਤੋਂ ਪਹਿਲਾਂ ਥਾਣਾ ਡਵੀਜ਼ਨ ਨੰਬਰ-6 ਦੇ ਇਲਾਕੇ ’ਚ ਮੌਕ ਡ੍ਰਿਲ ਕੀਤੀ ਗਈ। ਥਾਣੇ ਨੂੰ ਬਾਹਰੋਂ ਬੰਦ ਕਰ ਦਿੱਤਾ ਗਿਆ ਅਤੇ ਅੰਦਰ ਮੌਕ ਡ੍ਰਿਲ ਚੱਲਦੀ ਰਹੀ।
ਇਸ ਦੌਰਾਨ ਬਾਹਰੋਂ ਕਿਸੇ ਨੂੰ ਅੰਦਰ ਆਉਣ -ਜਾਣ ਨਹੀਂ ਦਿੱਤਾ ਗਿਆ ਅਤੇ ਆਸ-ਪਾਸ ਇਲਾਕਾ ਪੁਲਿਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ, ਜਿਸ ਕਾਰਨ ਪੂਰੇ ਇਲਾਕੇ ਦੇ ਲੋਕ ਦਹਿਸ਼ਤ ਵਿਚ ਆ ਗਏ ਕਿ ਕੋਈ ਵੱਡੀ ਗੱਲ ਹੈ। ਉਥੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਤੋਂ ਬਾਅਦ ਮਾਕ ਡਰਿੱਲ ਖ਼ਤਮ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਕਮਿਸ਼ਨਰ ਹੈਬੋਵਾਲ ਥਾਣੇ ਦੇ ਇਲਾਕੇ ’ਚ ਪੁੱਜੇ।