ਚੰਡੀਗੜ੍ਹ: ਡੀਐਸਪੀ ਅਤੁਲ ਸੋਨੀ ਦੇ ਘ੍ਰਿਣਾਯੋਗ ਵਤੀਰੇ ਅਤੇ ਵਿਵਹਾਰ ਦਾ ਗੰਭੀਰ ਨੋਟਿਸ ਲੈਂਦਿਆਂ, ਪੰਜਾਬ ਪੁਲਿਸ ਨੇ ਉਸ ਨੂੰ ਮੁਅੱਤਲ ਕਰਨ ਦੀ ਸਿਫਾਰਸ਼ ਰਾਜ ਸਰਕਾਰ ਨੂੰ ਕੀਤੀ ਹੈ। ਰਾਜ ਪੁਲਿਸ ਨੇ ਉਸਦੇ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰਨ ਦੀ ਸਿਫਾਰਸ਼ ਵੀ ਕੀਤੀ ਹੈ।


ਇਸ ਦਾ ਖੁਲਾਸਾ ਕਰਦਿਆਂ ਪੰਜਾਬ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੁਲਿਸ ਵਿਭਾਗ ਵਿੱਚ ਸੁਧਾਰਾਤਮਕ ਢੰਗਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ, ਤਾਂ ਜੋ ਅਜਿਹੇ ਵਿਵਹਾਰ ਦੇ ਸ਼ਿਕਾਰ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਨਦੀਨ ਬਾਹਰ ਕੱਢੇ ਜਾਣ।

ਦਰਆਸਲ ਪੰਜਾਬ ਪੁਲਿਸ ਦੇ ਡੀਐੱਸਪੀ ਅਤੁਲ ਸੋਨੀ ਤੇ ਇਰਾਦਾ-ਏ-ਕਤਲ ਦਾ ਮਾਮਲਾ ਦਰਜ ਹੋਇਆ ਸੀ। ਇਹ ਮਾਮਲਾ ਉਸਦੀ ਆਪਣੀ ਹੀ ਪਤਨੀ ਨੇ ਉਸਦੇ ਖਿਲਾਫ ਦਰਜ ਕਰਵਾਇਆ ਸੀ।ਜਦੋਂ ਉਸਦੇ ਪਤੀ ਡੀਐਸਪੀ ਸੋਨੀ ਨੇ ਉਸ ਤੇ ਗੋਲੀ ਚੱਲਾਈ ਸੀ। ਪਰ ਬਾਅਦ ਵਿੱਚ ਉਸਦੀ ਪਤਨੀ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ।

ਡੀਐੱਸਪੀ ਅਤੁਲ ਸੋਨੀ ਦੇ ਖਿਲਾਫ ਮੋਹਾਲੀ ਦੇ ਅੱਠ ਫੇਸ ਥਾਣੇ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਸੀ। ਸ਼ਿਕਾਇਤ ਮਿਲਦੇ ਹੀ ਮੋਹਾਲੀ ਪੁਲੀਸ ਨੇ ਅਤੁਲ ਸੋਨੀ ਦੇ ਖਿਲਾਫ ਆਈਪੀਸੀ ਦੀ ਧਾਰਾ 307 ਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਸੀ।

ਪੁਲਿਸ ਦੀ ਤਫ਼ਤੀਸ਼ ਵਿੱਚ ਇੱਕ ਹੋਰ ਖੁਲਾਸਾ ਹੋਇਆ ਸੀ ਕਿ ਅਤੁਲ ਸੋਨੀ ਨੇ ਆਪਣੇ ਸਰਵਿਸ ਰਿਵਾਲਵਰ ਨਾਲ ਨਹੀਂ ਬਲਕਿ ਗੈਰ ਕਾਨੂੰਨੀ ਢੰਗ ਨਾਲ ਰੱਖੇ ਹੋਏ ਹਥਿਆਰ ਨਾਲ ਇਹ ਵਾਰਦਾਤ ਕੀਤੀ ਸੀ।