ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਸਟਰਮਾਈਂਡ ਡੇਰਾ ਸਿਰਸਾ ਮੁਖੀ ਰਾਮ ਰਹੀਮ ਹੈ। ਰਾਮ ਰਹੀਮ ਦੀ MSG ਫਿਲਮ ਰਿਲੀਜ਼ ਨਾ ਹੋਈ ਤਾਂ ਬਦਲਾ ਲੈਣ ਦੀ ਪੂਰੀ ਸਾਜ਼ਿਸ਼ ਰਚੀ ਗਈ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਇਹ ਦਾਅਵਾ ਕੀਤਾ ਹੈ। ਸੀਐਮ ਭਗਵੰਤ ਮਾਨ ਨੇ 467 ਪੰਨਿਆਂ ਦੀ ਰਿਪੋਰਟ ਮਾਮਲੇ ਨਾਲ ਜੁੜੇ ਸਿੱਖ ਆਗੂਆਂ ਨੂੰ ਸੌਂਪ ਦਿੱਤੀ ਹੈ। ਪਹਿਲੀ ਵਾਰ ਜਨਤਕ ਕੀਤੀ ਗਈ ਇਸ ਰਿਪੋਰਟ ਸਬੰਧੀ ਜਲਦੀ ਹੀ ਹੋਰ ਭੇਦ ਖੁੱਲ੍ਹ ਸਕਦੇ ਹਨ।
ਫਰੀਦਕੋਟ ਵਿੱਚ 2015 ਵਿੱਚ ਵਾਪਰੀਆਂ ਤਿੰਨ ਘਟਨਾਵਾਂ
ਸਾਲ 2015 ਵਿੱਚ ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ 3 ਮਾਮਲੇ ਸਾਹਮਣੇ ਆਏ ਸਨ। ਇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰਨ, ਬੇਅਦਬੀ ਦੇ ਪੋਸਟਰ ਲਾਉਣ ਤੇ ਸਰੂਪਾਂ ਦੇ ਅੰਗ ਪਾੜਨ ਦਾ ਮਾਮਲਾ ਸ਼ਾਮਲ ਹੈ। ਤਿੰਨਾਂ 'ਚ ਡੇਰਾ ਮੁਖੀ ਤੇ ਉਸ ਦੇ ਕੁਝ ਚੇਲਿਆਂ 'ਤੇ ਦੋਸ਼ ਲਗਾਉਂਦੇ ਹੋਏ ਐਸਆਈਟੀ ਨੇ ਕਿਹਾ ਕਿ ਇਨ੍ਹਾਂ ਦੇ ਡੇਰਾ ਪ੍ਰਬੰਧਕਾਂ ਨਾਲ ਜੁੜੇ ਹੋਣ ਦੇ ਕਾਫੀ ਸਬੂਤ ਹਨ।
ਇੱਕ ਮੁਲਜ਼ਮ ਦੀ ਜੇਲ 'ਚ ਹੱਤਿਆ, 3 ਅਜੇ ਤੱਕ ਫਰਾਰ
ਇਸ ਮਾਮਲੇ ਵਿੱਚ ਮਹਿੰਦਰਪਾਲ ਉਰਫ਼ ਬਿੱਟੂ ਨੂੰ ਵੀ ਮੁੱਖ ਮੁਲਜ਼ਮ ਬਣਾਇਆ ਗਿਆ ਹੈ। ਬਿੱਟੂ ਤੇ ਉਸ ਦੇ ਸਾਥੀ ਐਮਐਸਜੀ ਫਿਲਮ ਦੇ ਰਿਲੀਜ਼ ਨਾ ਹੋਣ 'ਤੇ ਨਾਰਾਜ਼ ਸਨ। ਇਸ ਤੋਂ ਬਾਅਦ ਉਸ ਨੇ ਸਾਰੀ ਸਾਜ਼ਿਸ਼ ਰਚੀ। ਬਿੱਟੂ ਦਾ ਬਾਅਦ ਵਿੱਚ ਨਾਭਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ।
ਇਸ ਰਿਪੋਰਟ ਵਿੱਚ ਸੁਖਜਿੰਦਰ ਸਿੰਘ ਉਰਫ ਸੰਨੀ, ਸ਼ਕਤੀ ਸਿੰਘ, ਬਲਜੀਤ ਸਿੰਘ, ਰਣਦੀਪ ਸਿੰਘ ਉਰਫ ਨੀਲਾ, ਨਿਸ਼ਾਨ ਸਿੰਘ, ਨਰਿੰਦਰ ਸ਼ਰਮਾ ਤੇ ਪ੍ਰਦੀਪ ਸਿੰਘ ਨੂੰ ਦੋਸ਼ੀ ਬਣਾਇਆ ਗਿਆ ਹੈ। ਇਸ ਮਾਮਲੇ ਵਿੱਚ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਤਿੰਨਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ।
ਸੀਬੀਆਈ ਦੀ ਕਲੋਜ਼ਰ ਰਿਪੋਰਟ 'ਤੇ ਉੱਠੇ ਸਵਾਲ
ਸੀਬੀਆਈ ਦੀ ਕਲੋਜ਼ਰ ਰਿਪੋਰਟ 'ਤੇ ਪੰਜਾਬ ਪੁਲਿਸ ਨੇ ਵੀ ਸਵਾਲ ਖੜ੍ਹੇ ਕੀਤੇ ਹਨ ਜਿਸ ਵਿੱਚ ਸੀਬੀਆਈ ਨੇ ਡੇਰਾ ਸੱਚਾ ਸੌਦਾ ਤੇ ਉਸ ਦੇ ਸ਼ਰਧਾਲੂਆਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਸੀਬੀਆਈ ਨੇ ਕਈ ਤੱਥਾਂ ਨੂੰ ਨਜ਼ਰਅੰਦਾਜ਼ ਕੀਤਾ।
ਸੀਬੀਆਈ ਨੇ ਕਿਹਾ ਕਿ ਮੋਬਾਈਲ ਡੰਪ ਡੇਟਾ ਤੇ ਕਾਲ ਡਿਟੇਲ ਰਿਕਾਰਡ ਤੋਂ ਮੁਲਜ਼ਮਾਂ ਦੀ ਕੋਈ ਸ਼ੱਕੀ ਹਰਕਤ ਨਹੀਂ ਦਿਖਾਈ ਦਿੰਦੀ। ਉਧਰ, ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਅਕਸਰ ਅਪਰਾਧਿਕ ਮਾਨਸਿਕਤਾ ਵਾਲੇ ਲੋਕ ਆਪਣੇ ਮੋਬਾਈਲਾਂ ਨੂੰ ਕੁਝ ਸਮੇਂ ਲਈ ਬੰਦ ਕਰਕੇ ਕੁਝ ਸਮੇਂ ਲਈ ਅਪਰਾਧ ਦੇ ਸਥਾਨ ਤੋਂ ਦੂਰ ਰੱਖਦੇ ਹਨ ਤਾਂ ਜੋ ਜਾਂਚ ਏਜੰਸੀ ਨੂੰ ਉਲਝਣ ਵਿੱਚ ਰੱਖਿਆ ਜਾ ਸਕੇ।
ਪੰਜਾਬ ਪੁਲਿਸ ਨੇ ਸੀਬੀਆਈ ਦੇ ਇਸ ਦਾਅਵੇ ਨੂੰ ਵੀ ਨਕਾਰ ਦਿੱਤਾ ਕਿ ਕੋਈ ਗਵਾਹ ਨਹੀਂ ਮਿਲਿਆ। ਉਸ ਨੇ ਕਿਹਾ ਕਿ ਉਸ ਨੂੰ ਮਿਲੇ ਗਵਾਹ ਸੀਬੀਆਈ ਨੂੰ ਮਿਲਣਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਸੀਬੀਆਈ ਨੇ ਜਾਂਚ ਦੌਰਾਨ 49 ਲੋਕਾਂ ਦੇ ਫਿੰਗਰਪ੍ਰਿੰਟ ਇਕੱਠੇ ਕੀਤੇ ਸੀ।
ਇਹ ਸਾਰੇ ਸ਼ੱਕੀ ਸਨ। ਸੀਬੀਆਈ ਨੂੰ ਲੈਬ ਵਿੱਚੋਂ ਸਿਰਫ਼ 10 ਲੋਕਾਂ ਦੀ ਰਿਪੋਰਟ ਮਿਲੀ ਪਰ 39 ਦੀ ਰਿਪੋਰਟ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਜਾਂਚ ਪੂਰੀ ਕਰ ਲਈ ਗਈ। ਬੇਅਦਬੀ ਦੇ ਪੋਸਟਰ ਮਾਰਕਰਾਂ ਨਾਲ ਲਿਖੇ ਹੋਏ ਸਨ ਪਰ ਸੀਬੀਆਈ ਨੇ ਰੈਗੂਲਰ ਪੈਨ ਨਾਲ ਸੈਂਪਲ ਲਏ ਸਨ। ਸੀਬੀਆਈ ਨੇ ਇਸ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ।