ਹਿਮਾਚਲ 'ਚ ਪੰਜਾਬੀ ਜੋੜੇ 'ਤੇ ਹੋਏ ਹਮਲੇ ਖ਼ਿਲਾਫ਼ ਪੰਜਾਬ ਪੁਲਿਸ ਦਰਜ ਕਰੇਗੀ ਐਫਆਈਆਰ
ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਐਤਵਾਰ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਹਿਮਾਚਲ ਦੇ ਡਲਹੌਜ਼ੀ ਵਿੱਚ ਭੀੜ ਦੇ ਹਮਲੇ ਦਾ ਸ਼ਿਕਾਰ ਹੋਏ ਐਨਆਰਆਈ ਪਰਿਵਾਰ ਨਾਲ ਮੁਲਾਕਾਤ ਕੀਤੀ।
Punjab News: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਐਤਵਾਰ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਹਿਮਾਚਲ ਦੇ ਡਲਹੌਜ਼ੀ ਵਿੱਚ ਭੀੜ ਦੇ ਹਮਲੇ ਦਾ ਸ਼ਿਕਾਰ ਹੋਏ ਐਨਆਰਆਈ ਪਰਿਵਾਰ ਨਾਲ ਮੁਲਾਕਾਤ ਕੀਤੀ। ਮੰਤਰੀ ਧਾਲੀਵਾਲ ਨੇ ਪੀੜਤ ਪਰਿਵਾਰ ਨੂੰ ਸਰਕਾਰ ਵੱਲੋਂ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਹਿਮਾਚਲ 'ਚ ਪੰਜਾਬੀ ਜੋੜੇ 'ਤੇ ਹੋਏ ਹਮਲੇ ਦੇ ਮਾਮਲੇ 'ਚ ਪੰਜਾਬ ਪੁਲਿਸ ਜ਼ੀਰੋ ਐਫਆਈਆਰ ਦਰਜ ਕਰੇਗੀ। ਇਸ ਦੇ ਲਈ ਮੈਂ ਪੀੜਤ ਪਰਿਵਾਰ ਨੂੰ ਪੁਲਿਸ ਨੂੰ ਬਿਆਨ ਦੇਣ ਲਈ ਕਿਹਾ ਹੈ ਤਾਂ ਜੋ ਘਟਨਾ ਸਬੰਧੀ ਆਪਣਾ ਪੱਖ ਸਹੀ ਢੰਗ ਨਾਲ ਪੇਸ਼ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਮੈਂ ਹਿਮਾਚਲ ਦੇ ਡੀਜੀਪੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਦੱਸਿਆ ਗਿਆ ਕਿ ਉਹ ਫ਼ਿਲਹਾਲ ਸੂਬੇ ਤੋਂ ਬਾਹਰ ਹਨ। ਧਾਲੀਵਾਲ ਨੇ ਕਿਹਾ ਕਿ ਅਸੀਂ ਇੱਕ-ਦੋ ਦਿਨਾਂ ਵਿੱਚ ਹਿਮਾਚਲ ਦੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਮਿਲ ਕੇ ਐਫਆਈਆਰ ਦੀ ਕਾਪੀ ਉਨ੍ਹਾਂ ਨੂੰ ਸੌਂਪਾਂਗੇ ਅਤੇ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਾਂਗੇ, ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ।
ਉਨ੍ਹਾਂ ਕਿਹਾ ਕਿ ਇਹ ਘਟਨਾ ਅਤਿ ਨਿੰਦਣਯੋਗ ਹੈ। ਹਰ ਰੋਜ਼ ਪੰਜਾਬ ਤੋਂ ਹਜ਼ਾਰਾਂ ਲੋਕ ਸ਼ਿਮਲਾ, ਮਨਾਲੀ, ਕਸੌਲੀ ਤੇ ਡਲਹੌਜ਼ੀ ਵਰਗੇ ਸੈਰ-ਸਪਾਟਾ ਸਥਾਨਾਂ 'ਤੇ ਜਾਂਦੇ ਹਨ। ਹਿਮਾਚਲ ਪ੍ਰਦੇਸ਼ ਦੀ ਅਰਥਵਿਵਸਥਾ ਵੀ ਕਾਫ਼ੀ ਹੱਦ ਤੱਕ ਸੈਰ-ਸਪਾਟੇ 'ਤੇ ਨਿਰਭਰ ਹੈ। ਅਜਿਹੀਆਂ ਘਟਨਾਵਾਂ ਸੈਲਾਨੀਆਂ ਦੇ ਮਨਾਂ ਵਿੱਚ ਡਰ ਤੇ ਸ਼ੱਕ ਪੈਦਾ ਕਰਨਗੀਆਂ। ਇਸ ਲਈ ਹਿਮਾਚਲ ਸਰਕਾਰ ਨੂੰ ਇਸ ਘਟਨਾ ਨੂੰ ਗੰਭੀਰਤਾ ਨਾਲ ਵਿਚਾਰ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਦੱਸ ਦੇਈਏ ਕਿ ਬੀਤੇ ਸ਼ਨੀਵਾਰ ਨੂੰ ਪੰਜਾਬ ਮੂਲ ਦੇ ਐਨਆਰਆਈ ਕੰਵਲਜੀਤ ਸਿੰਘ ਨੇ ਦੋਸ਼ ਲਗਾਇਆ ਸੀ ਕਿ ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਵਿੱਚ ਪਾਰਕਿੰਗ ਨੂੰ ਲੈ ਕੇ ਹੋਈ ਬਹਿਸ ਦੌਰਾਨ ਕੁਝ ਲੋਕਾਂ ਨੇ ਉਸ ਦੇ ਤੇ ਉਸ ਦੇ ਪਰਿਵਾਰ ਨਾਲ ਕੁੱਟਮਾਰ ਕਰ ਦਿੱਤੀ। ਉਸ ਨੇ ਖੇਤਰੀ ਭੇਦਭਾਵ ਦਾ ਵੀ ਦੋਸ਼ ਲਾਇਆ ਤੇ ਕਿਹਾ ਕਿ ਉਸ 'ਤੇ ਕਰੀਬ 100 ਲੋਕਾਂ ਨੇ ਹਮਲਾ ਕੀਤਾ ਸੀ।
ਉਸ ਨੇ ਹਿਮਾਚਲ ਪੁਲਿਸ 'ਤੇ ਘਟਨਾ ਦੀ ਵੀਡੀਓ ਨੂੰ ਜ਼ਬਰਦਸਤੀ ਡਿਲੀਟ ਕਰਨ ਦਾ ਵੀ ਦੋਸ਼ ਲਗਾਇਆ ਹੈ। ਫ਼ਿਲਹਾਲ ਪੀੜਤ ਜੋੜਾ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਇਲਾਜ ਚਲ ਰਿਹਾ ਹੈ। ਕੰਵਲਜੀਤ ਸਿੰਘ 25 ਸਾਲਾਂ ਤੋਂ ਸਪੇਨ ਵਿੱਚ ਰਹਿ ਰਿਹਾ ਹੈ। ਉਹ ਹਾਲ ਹੀ ਵਿੱਚ ਪੰਜਾਬ ਪਰਤਿਆ ਹੈ। ਉਸ ਨੇ ਦੱਸਿਆ ਕਿ ਉਹ ਦੋ ਦਿਨ ਪਹਿਲਾਂ ਆਪਣੀ ਸਪੈਨਿਸ਼ ਪਤਨੀ ਤੇ ਰਿਸ਼ਤੇਦਾਰ ਨਾਲ ਡਲਹੌਜ਼ੀ ਘੁੰਮਣ ਗਿਆ ਸੀ।
ਇਸ ਘਟਨਾ ਨੂੰ ਲੈ ਕੇ ਸਿਆਸੀ ਵਿਵਾਦ ਵੀ ਖੜ੍ਹਾ ਹੋ ਗਿਆ ਹੈ। ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਐਨਆਰਆਈ ਵਿਅਕਤੀ ’ਤੇ ਕੁੱਟਮਾਰ ਦੀ ਘਟਨਾ ਦੀ ਨਿਖੇਧੀ ਕੀਤੀ ਹੈ। ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਭਰੋਸਾ ਦਿਵਾਇਆ ਕਿ ਮਾਨ ਸਰਕਾਰ ਹਰ ਹਾਲਤ ਵਿੱਚ ਪ੍ਰਵਾਸੀ ਭਾਰਤੀ ਭਾਈਚਾਰੇ ਦੇ ਨਾਲ ਖੜ੍ਹੀ ਹੈ। ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।