ਚੰਡੀਗੜ੍ਹ : ਪੰਜਾਬ ਵਿੱਚ ਝੋਨੇ ਦੀ ਬਿਜਾਈ ਦਾ ਸੀਜਨ ਸ਼ੁਰੂ ਹੋ ਚੁੱਕਿਆ ਹੈ ਅਤੇ ਬਿਜਲੀ ਦੀ ਮੰਗ ਵੀ ਵੱਧਣ ਲੱਗੀ ਹੈ। ਇਸ ਵਿਚਾਲੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਵਾਧੂ ਬਿਜਲੀ ਦੀ ਮੰਗ ਸਬੰਧੀ ਕੋਈ ਰਾਹਤ ਨਹੀਂ ਮਿਲੀ ਹੈ। ਪੰਜਾਬ ਸਰਕਾਰ ਨੇ ਝੋਨੇ ਦੀ ਬਿਜਾਈ ਲਈ ਕੇਂਦਰ ਸਰਕਾਰ ਤੋਂ ਇੱਕ ਹਜ਼ਾਰ ਮੈਗਾਵਾਟ ਵਾਧੂ ਬਿਜਲੀ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਕੇਂਦਰੀ ਮੰਤਰੀ ਆਰ.ਕੇ ਸਿੰਘ ਨੂੰ ਪੱਤਰ ਲਿਖਿਆ ਸੀ ਕਿ ਮੰਗ ਕੀਤੀ ਸੀ ਕਿ 4 ਮਹੀਨਿਆਂ ਲਈ 15 ਜੂਨ ਤੋਂ 15 ਅਕਤੂਬਰ ਤੱਕ ਪੰਜਾਬ ਨੂੰ ਕੇਂਦਰੀ ਪੂਲ ਤੋਂ 1 ਹਜ਼ਾਰ ਮੈਗਾਵਾਟ ਵਾਧੂ ਬਿਜਲੀ ਦਿੱਤੀ ਜਾਵੇ। ਕਿਉਂਕਿ ਸੂਬੇ ਵਿੱਚ ਝੋਨੇ ਦੀ ਬਿਜਾਈ ਦਾ ਸ਼ੁਰੂ ਹੋਣ ਜਾ ਰਹੀ ਹੈ ਇਸ ਲਈ ਬਿਜਲੀ ਦੀ ਜ਼ਰੂਰਤ ਪਵੇਗੀ। ਝੋਨੇ ਦੀ ਬਿਜਾਈ ਲਈ ਵੱਡੀ ਮਾਤਰਾ ਵਿੱਚ ਪਾਣੀ ਦੀ ਜ਼ਰੂਰਤ ਹੁੰਦੀ ਹੈ ਅਤੇ ਪੰਜਾਬ ਵਿੱਚ ਨਹਿਰੀ ਪਾਣੀ ਨਾਲ ਨਹੀਂ ਗੁਜ਼ਾਰਾ ਹੋਵੇਗਾ। ਇਸ ਲਈ ਕੇਂਦਰ ਸਰਕਾਰ ਕੇਂਦਰੀ ਪੂਲ 'ਚੋਂ ਪੰਜਾਬ ਨੂੰ 4 ਮਹੀਨਿਆਂ ਲਈ ਇੱਕ ਹਜ਼ਾਰ ਮੈਗਾਵਾਟ ਵਾਧੂ ਬਿਜਲੀ ਮੁਹੱਈਆ ਕਰਵਾਏ। 



ਕੇਂਦਰ ਸਰਕਾਰ ਨੂੰ ਲਿਖੀ ਪੱਤਰ ਦਾ ਹਾਲੇ ਤੱਕ ਪੰਜਾਬ ਸਰਕਾਰ ਨੂੰ ਕੋਈ ਜਵਾਬ ਨਹੀਂ ਆਇਆ ਹੈ। ਹਲਾਂਕਿ ਪੰਜਾਬ ਸਰਕਾਰ ਕੋਲ ਓਪਨ ਮਾਰਕਿਟ ਵਿੱਚੋਂ ਬਿਜਲੀ ਖਰੀਦਣ ਦਾ ਵੀ ਮੌਕਾ ਹੈ ਪਰ ਇਸ ਰਾਹੀਂ ਪੰਜਾਬ ਨੁੰ ਮਹਿੰਗੇ ਭਾਅ ਬਿਜਲੀ ਖਰੀਦ ਕਰਨੀ ਪਵੇਗੀ। ਕਿਉਂਕਿ ਕੇਂਦਰੀ ਪੂਲ ਦੇ ਮੁਕਾਬਲੇ ਖੁੱਲ੍ਹੀ ਮਾਰਕਿਟ ਵਿੱਚ ਬਿਜਲੀ ਦਾ ਰੇਟ ਪ੍ਰਤੀ ਯੂਨਿਟ 6 ਰੁਪਏ ਤੋਂ 10 ਰੁਪਏ ਜ਼ਿਆਦਾ ਅਦਾ ਕਰਨੇ ਪੈਣਗੇ। ਜਿਸ ਨਾਲ ਪੰਜਾਬ ਸਿਰ ਵੱਡਾ ਵਿੱਤੀ ਬੋਝ ਵਧੇਗਾ। 



ਪੰਜਾਬ ਵਿੱਚ ਪਹਿਲੇ ਪੜਾਅ ਤਹਿਤ ਝੋਨੇ ਦੀ ਬਿਜਾਈ 10 ਜੂਨ ਨੁੰ ਸ਼ੁਰੂ ਹੋਈ ਸੀ, ਪਹਿਲੇ ਪੜਾਅ ਵਿੱਚ ਪਾਕਿਸਤਾਨ ਸਰਹੱਦ ਪਾਰ ਜਿਹਨਾ ਕਿਸਾਨਾਂ ਦੇ ਖੇਤ ਹਨ ਉਹਨਾਂ ਨੇ ਝੋਨਾ ਲਾਇਆ ਸੀ। ਦੂਸਰਾ ਪੜਾਅ 16 ਜੂਨ ਨੂੰ ਯਾਨੀ ਕੱਲ੍ਹ ਸ਼ੁਰੂ ਹੋਇਆ ਸੀ। ਪੰਜਾਬ ਵਿੱਚ ਦੂਜੇ ਪੜਾਅ ਤਹਿਤ ਸੱਤ ਜ਼ਿਲ੍ਹਿਆਂ ਵਿੱਚ ਝੋਨੇ ਦੀ ਲੁਆਈ ਸ਼ੁਰੂ ਹੋ ਗਈ ਹੈ। ਇਹਨ੍ਹਾਂ ਵਿੱਚ ਫਿਰੋਜ਼ਪੁਰ, ਫਰੀਦਕੋਟ, ਪਠਾਨਕੋਟ, ਸ੍ਰੀ ਫਤਹਿਗੜ੍ਹ ਸਾਹਿਬ, ਗੁਰਦਾਸਪੁਰ, ਐਸ.ਬੀ.ਐਸ.ਨਗਰ ਅਤੇ ਤਰਨਤਾਰਨ ਜ਼ਿਲ੍ਹੇ ਸ਼ਾਮਿਲ ਹਨ। ਝੋਨੇ ਦੀ ਲੁਆਈ ਲਈ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ।


 ਤੀਜੇ ਪੜਾਅ ਅਧੀਨ ਸੱਤ ਜ਼ਿਲ੍ਹਿਆਂ ਰੂਪਨਗਰ, ਐਸ.ਏ.ਐਸ.ਨਗਰ, ਕਪੂਰਥਲਾ, ਲੁਧਿਆਣਾ, ਫਾਜ਼ਿਲਕਾ, ਬਠਿੰਡਾ ਅਤੇ ਅੰਮ੍ਰਿਤਸਰ ਵਿੱਚ 19 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋ ਜਾਵੇਗਾ, ਜਦਕਿ ਬਾਕੀ ਨੌਂ ਜ਼ਿਲ੍ਹਿਆਂ ਪਟਿਆਲਾ, ਜਲੰਧਰ, ਮੋਗਾ, ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਸੰਗਰੂਰ, ਮਾਲੇਰਕੋਟਲਾ, ਬਰਨਾਲਾ ਅਤੇ ਮਾਨਸਾ ਵਿੱਚ ਝੋਨੇ ਦੀ ਲੁਆਈ 21 ਜੂਨ ਤੋਂ ਸ਼ੁਰੂ ਹੋਵੇਗੀ।