Punjab Assembly Elections Live Updates: ਪੰਜਾਬ ਦਾ ਸਿਆਸੀ ਮਾਹੌਲ, ਜਾਣੋ ਸੂਬੇ 'ਚ ਚੋਣਾਂ ਸਬੰਧੀ ਹੋ ਰਹੀ ਹਲਚਲ ਦੀ ਹਰ ਅਪਡੇਟ ਇੱਕ ਕਲਿਕ 'ਚ
Punjab Assembly Elections Updates 2022: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ 14 ਦੀ ਬਜਾਏ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਸੰਤ ਰਵਿਦਾਸ ਜੈਅੰਤੀ ਕਾਰਨ ਚੋਣ ਕਮਿਸ਼ਨ ਨੇ ਵੋਟਾਂ ਦੀ ਤਰੀਕ 'ਚ ਬਦਲਾਅ ਕੀਤਾ ਹੈ।
ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਲਗਾਤਾਰ ਮਜ਼ਬੂਤ ਹੋ ਰਹੀ ਹੈ। ਹਰ ਵਰਗ ਦੇ ਲੋਕ 'ਆਪ' ਨੂੰ ਪਸੰਦ ਕਰਦੇ ਹਨ ਅਤੇ ਆਪਣਾ ਸਮਰਥਨ ਦਿੰਦੇ ਹਨ। ਵੀਰਵਾਰ ਨੂੰ ਪੰਜਾਬ ਵਿੱਚ 'ਆਪ' ਨੂੰ ਹੋਰ ਵੱਡੀ ਮਜ਼ਬੂਤੀ ਮਿਲੀ, ਜਦੋਂ ਲਹਿਰਾ ਵਿਕਾਸ ਮੰਚ ਦੇ ਪ੍ਰਧਾਨ ਅਤੇ ਸੁਨਾਮ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। 'ਆਪ' ਦੇ ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਨੇ ਗੋਇਲ ਨੂੰ ਪਾਰਟੀ ਵਿੱਚ ਰਸਮੀ ਤੌਰ 'ਤੇ ਸ਼ਾਮਲ ਕੀਤਾ।
ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀ ਭਾਈਵਾਲ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਵੀ 20 ਵਿਧਾਨ ਸਭਾ ਸੀਟਾਂ 'ਚੋਂ 14 ਵਿਧਾਨ ਸਭਾ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਵੀਰਵਾਰ ਸ਼ਾਮ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਉਨ੍ਹਾਂ ਦੀ ਸੂਚੀ ਜਾਰੀ ਕੀਤੀ ਹੈ।
ਫਗਵਾੜਾ ਤੋਂ ਜਸਵੀਰ ਸਿੰਘ ਗੜ੍ਹੀ , ਨਵਾਂਸ਼ਹਿਰ ਤੋਂ ਡਾ. ਨਛੱਤਰ ਪਾਲ ,ਪਾਇਲ ਤੋਂ ਡਾ: ਜਸਪ੍ਰੀਤ ਸਿੰਘ , ਭੋਆ ਤੋਂ ਰਾਕੇਸ਼ ਮਹਾਸ਼ਾ , ਪਠਾਨਕੋਟ ਤੋਂ ਜਯੋਤੀ ਭੀਮ , ਦੀਨਾਨਗਰ ਤੋਂ ਕਮਲਜੀਤ ਚਾਵਲਾ ,ਕਪੂਰਥਲਾ ਤੋਂ ਦਵਿੰਦਰ ਸਿੰਘ ਢਪਈ ,ਜਲੰਧਰ ਉੱਤਰੀ ਤੋਂ ਕੁਲਦੀਪ ਸਿੰਘ ਲੁਬਾਣਾ ,ਦਸੂਹਾ ਤੋਂ ਸੁਸ਼ੀਲ ਕੁਮਾਰ ਸ਼ਰਮਾ , ਟਾਂਡਾ ਉਮਰ ਤੋਂ ਲਖਵਿੰਦਰ ਸਿੰਘ ਲੱਖੀ , ਹੁਸ਼ਿਆਰਪੁਰ ਤੋਂ ਵਰਿੰਦਰ ਸਿੰਘ ਪਰਹਾਰ , ਆਨੰਦਪੁਰ ਸਾਹਿਬ ਤੋਂ ਨਿਤਿਨ ਨੰਦਾ, ਬੱਸੀ ਪਠਾਣਾ ਤੋਂ ਐਡਵੋਕੇਟ ਸ਼ਿਵ ਕੁਮਾਰ ਕਲਿਆਣ ,ਰਾਏਕੋਟ ਤੋਂ ਬਲਵਿੰਦਰ ਸਿੰਘ ਸੰਧੂ ਚੋਣ ਲੜਨਗੇ।
ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੀ ਧੀ ਏਕੋਮ ਵੜਿੰਗ ਆਪਣੇ ਪਿਤਾ ਲਈ ਡੋਰ ਟੂ ਡੋਰ ਚੋਣ ਪ੍ਰਚਾਰ ਕਰਦੀ ਨਜ਼ਰ ਆ ਰਹੀ ਹੈ। 22 ਜਨਵਰੀ ਤੱਕ ਚੋਣ ਰੈਲੀਆਂ 'ਤੇ ਪਾਬੰਦੀ ਹੈ । ਇਸ ਲਈ ਚੋਣਾਂ ਲਈ ਰਾਜਾ ਵੜਿੰਗ ਦੇ ਆਪਣੇ ਪਰਿਵਾਰ ਨੇ ਪ੍ਰਚਾਰ ਲਈ ਡੋਰ ਟੂ ਡੋਰ ਪ੍ਰਚਾਰ ਲਈ ਕਮਾਨ ਸਾਂਭ ਲਈ ਹੈ।
ਪੰਜਾਬ 'ਚ ਕੁੱਲ 117 ਵਿਧਾਨ ਸਭਾ ਸੀਟਾਂ ਹਨ। ਇੱਥੇ 20 ਫਰਵਰੀ ਨੂੰ ਇਕ ਪੜਾਅ 'ਚ ਵੋਟਿੰਗ ਹੋਵੇਗੀ। ਇਸ ਵਾਰ ਪੰਜਾਬ ਦੀਆਂ ਚੋਣਾਂ ਪਿਛਲੀਆਂ ਚੋਣਾਂ ਨਾਲੋਂ ਕੁਝ ਵੱਖਰੀਆਂ ਹਨ। ਇੱਥੇ ਇਸ ਵਾਰ ਮੁਕਾਬਲਾ ਦੋ ਪਾਰਟੀਆਂ ਵਿਚਾਲੇ ਨਹੀਂ ਸਗੋਂ ਪੰਜ ਪਾਰਟੀਆਂ ਵਿਚਾਲੇ ਹੈ।
ਪੰਜਾਬ ਵਿਧਾਨਸਭਾ ਚੋਣਾਂ ਦੀ ਤਰੀਕ ਜਿਓਂ-ਜਿਓਂ ਨੇੜੇ ਆ ਰਹੀ ਹੈ ਤਿਓਂ-ਤਿਓਂ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਪੱਤੇ ਖੋਲ੍ਹੇ ਜਾ ਰਹੇ ਹਨ। ਕਾਂਗਰਸ ਵੱਲੋਂ ਵੀ 31 ਉਮੀਦਵਾਰਾਂ ਦੀ ਦੂਜੀ ਸੂਚੀ ਭਲਕੇ ਜਾਰੀ ਕੀਤੀ ਜਾਵੇਗੀ। ਇਸ ਲਈ ਕਾਂਗਰਸ ਚੋਣ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਉਰਫ ਹਨੀ 'ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ। ਛਾਪੇਮਾਰੀ ਦੌਰਾਨ ਹਨੀ ਦੇ ਘਰ ਕਰੋੜਾਂ ਰੁਪਏ ਬਰਾਮਦ ਕੀਤੇ ਗਏ ਹਨ, ਪਰ ਹਨੀ ਪੈਸੇ ਦੇ ਸਰੋਤ ਬਾਰੇ ਈਡੀ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ ਹੈ।
ਆਪ ਵਲੋਂ ਭਗਵੰਤ ਮਾਨ ਧੂਰੀ ਸੀਟ ਤੋਂ ਚੋਣ ਲੜਨਗੇ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਕੇਜਰੀਵਾਲ ਨੇ ਮਾਨ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪ ਦਾ ਸੀਐਮ ਫੇਸ ਐਲਾਨਿਆ ਹੈ।
ਚੋਣਾਂ ਤੋਂ ਪਹਿਲਾਂ ਬੇਅਦਬੀ ਦਾ ਮਾਮਲਾ (sacrilege cases) ਮੁੜ ਗਰਮਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਚੁੱਕੇ ਜਸਟਿਸ ਰਣਜੀਤ ਸਿੰਘ (ਸੇਵਾਮੁਕਤ) (Justice Ranjit Singh) ਨੇ ਇੱਕ ਕਿਤਾਬ ਲਿਖੀ ਹੈ ਜਿਸ ਵਿੱਚ ਵੱਡੇ ਖੁਲਾਸੇ ਕੀਤੇ ਹਨ। 'ਦ ਸੈਕਰੀਲੇਜ’ (The Sacrilege) ਸਿਰਲੇਖ ਹੇਠ ਰਿਲੀਜ਼ ਹੋਈ ਇਸ ਕਿਤਾਬ ਵਿੱਚ ਬੇਅਦਬੀ ਦੀ ਸਾਜ਼ਿਸ਼ ਲਈ ਡੇਰਾ ਪੈਰੋਕਾਰਾਂ ਤੇ ਗੋਲੀਬਾਰੀ ਲਈ ਸੁਮੇਧ ਸੈਣੀ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ’ਤੇ ਸਵਾਲ ਉਠਾਏ ਹਨ। ਇਸ ਲਈ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਤੇ ਡੇਰਾ ਸਿਰਸਾ (Dera Sirsa) ਦੀਆਂ ਵੋਟਾਂ ਲੈਣ ਦੀ ਕੋਸ਼ਿਸ਼ ਕਰ ਰਹੇ ਲੀਡਰਾਂ ਲਈ ਮੁਸੀਬਤ ਖੜ੍ਹੀ ਹੋ ਸਕਦੀ ਹੈ।
ਮੁੱਖ ਮੰਤਰੀ ਦਾ ਚਿਹਰਾ ਐਲਾਨਣ ਮਗਰੋਂ ਆਮ ਆਦਮੀ ਪਾਰਟੀ ਅੱਜ ਭਗਵੰਤ ਮਾਨ ਦੀ ਸੀਟ ਬਾਰੇ ਐਲਾਨ ਕੇਰਗੀ। ਆਮ ਆਦਮੀ ਪਾਰਟੀ ਅੱਜ ਧੁਰੀ, ਲਹਿਰਗਾਗਾ, ਖਡੂਰ ਸਾਹਿਬ, ਸੁਜਾਨਪੁਰ, ਤੇ ਦਾਖਾ ਵਿਧਾਨ ਸਭਾ ਹਲਕਾ ਸੀਟ 'ਤੇ ਉਮੀਦਵਾਰਾਂ ਦਾ ਐਲਾਨ ਕਰੇਗੀ। ਇਨ੍ਹਾਂ ਸੀਟਾਂ ਵਿੱਚੋਂ ਇੱਕ ਸੀਟ ਉੱਪਰ ਭਗਵੰਤ ਮਾਨ ਨੂੰ ਉਮੀਦਵਾਰ ਬਣਾਇਆ ਜਾਏਗਾ। ਇਸ ਲਈ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਚੰਡੀਗੜ੍ਹ ਪਹੁੰਚ ਚੁੱਕੇ ਹਨ।
ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਦੇ ਇੱਕ ਕਰੀਬੀ ਨੇ ਟਵਿੱਟਰ 'ਤੇ ਪੋਲ ਕਰਵਾਇਆ ਹੈ। ਇਸ ਪੋਲ 'ਚ ਉਨ੍ਹਾਂ ਨੇ ਜਨਤਾ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਚੋਣ 'ਚ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਣਾ ਚਾਹੀਦਾ ਹੈ? ਉਨ੍ਹਾਂ ਨੇ ਇਸ ਸਵਾਲ ਦਾ ਜਵਾਬ ਦੇਣ ਲਈ 4 ਵਿਕਲਪ ਦਿੱਤੇ। ਪਹਿਲਾ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ, ਸੁਨੀਲ ਕੁਮਾਰ ਜਾਖੜ ਤੇ ਚੌਥਾ ਵਿਕਲਪ ਹੈ ‘ਮੁੱਖ ਮੰਤਰੀ ਚਿਹਰੇ ਦੀ ਲੋੜ ਨਹੀਂ’। ਹਾਲਾਂਕਿ ਲੋਕਾਂ ਨੂੰ ਇਹ ਦਿਲਚਸਪ ਲੱਗਿਆ ਕਿ ਇੱਕ ਪਾਸੇ ਰਾਹੁਲ ਗਾਂਧੀ ਦੇ ਕਰੀਬੀ ਦੋਸਤਾਂ ਵੱਲੋਂ ਟਵਿੱਟਰ 'ਤੇ ਅਜਿਹੇ ਸਰਵੇਖਣ ਕਰਵਾਏ ਜਾ ਰਹੇ ਹਨ, ਜਦਕਿ ਦੂਜੇ ਪਾਸੇ ਕਾਂਗਰਸ ਦੇ ਹੋਰ ਆਗੂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਤਿੰਨ ਪ੍ਰਮੁੱਖ ਚਿਹਰੇ ਹੋਣ ਦੀ ਗੱਲ ਕਹਿ ਰਹੇ ਹਨ।
ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਦੀ ਪਾਰਟੀ ਸਾਂਝਾ ਸੰਘਰਸ਼ ਪਾਰਟੀ ਨੂੰ ਚੋਣ ਨਿਸ਼ਾਨ ਮਿਲ ਗਿਆ ਹੈ। ਦੱਸ ਦਈਏ ਕਿ ਚੜੂਨੀ ਦੀ ਪਾਰਟੀ ਕੱਪ ਪਲੇਟ ਦੇ ਚੋਣ ਨਿਸ਼ਾਨ 'ਤੇ ਚੋਣ ਲੜੇਗੀ।
ਸ਼ਾਂਤੀਮਈ ਢੰਗ ਨਾਲ ਵਿਧਾਨ ਸਭਾ ਚੋਣਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਸੁਰੱਖਿਆ ਦੇ ਪੱਖ ਤੋਂ ਸੂਬੇ ਵਿੱਚ ਨਸ਼ਿਆਂ ਸਮੇਤ ਸ਼ਰਾਰਤੀ ਅਨਸਰਾਂ ‘ਤੇ ਨਜ਼ਰ ਰੱਖਣ ਲਈ 2268 ਰੂਟ/ਜੋਨ ਪੈਟਰੋਲਿੰਗ ਟੀਮਾਂ, 740 ਸਟੈਟਿਕ ਸਰਵੀਲੈਂਸ ਟੀਮਾਂ, 792 ਉਡਣ ਦਸਤੇ ਅਤੇ 351 ਵੀਡੀਓ ਸਰਵੀਲੈਂਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਭਾਰਤੀ ਜਨਤਾ ਪਾਰਟੀ (BJP) ਅਤੇ ਕੈਪਟਨ ਅਮਰਿੰਦਰ ਸਿੰਘ (Captain Amrinder Singh) ਵਿਚਾਲੇ ਪੈਦਾ ਹੋਈ ਉਲਝਣ ਸੁਲਝ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਭਾਜਪਾ ਅਤੇ ਕੈਪਟਨ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਇਸ ਚੋਣ ਵਿਚ ਭਾਜਪਾ 60 ਤੋਂ 62 ਸੀਟਾਂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੋਕ ਕਾਂਗਰਸ ਪਾਰਟੀ 38 ਤੋਂ 40 ਸੀਟਾਂ 'ਤੇ ਚੋਣ ਲੜ ਸਕਦੀ ਹੈ। ਗਠਜੋੜ ਵਿੱਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ (ਯੂ) ਨੂੰ 10 ਤੋਂ 12 ਅਤੇ ਲੋਕ ਇਨਸਾਫ ਪਾਰਟੀ ਨੂੰ 2 ਤੋਂ 5 ਸੀਟਾਂ ਮਿਲ ਸਕਦੀਆਂ ਹਨ।
ਪਿਛੋਕੜ
Punjab Assembly Elections 2022 Live: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਵਧਾਉਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਕਈ ਸਿਆਸੀ ਪਾਰਟੀਆਂ ਨੇ ਰਵਿਦਾਸ ਜੈਅੰਤੀ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੂੰ ਚੋਣਾਂ ਦੀਆਂ ਤਰੀਕਾਂ ਵਧਾਉਣ ਦੀ ਅਪੀਲ ਕੀਤੀ ਹੈ। ਇਹ ਮੰਗ ਕਰਨ ਵਾਲਿਆਂ ਵਿੱਚ ਸੱਤਾਧਾਰੀ ਕਾਂਗਰਸ ਦੇ ਨਾਲ-ਨਾਲ ਬਸਪਾ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਤੇ ਪੰਜਾਬ ਲੋਕ ਕਾਂਗਰਸ ਆਦਿ ਸ਼ਾਮਲ ਹਨ।
ਦੱਸ ਦਈਏ ਕਿ ਪੰਜਾਬ ਵਿੱਚ ਪਹਿਲਾਂ 14 ਫਰਵਰੀ ਨੂੰ ਇੱਕ ਪੜਾਅ ਵਿੱਚ ਵੋਟਾਂ ਪੈਣੀਆਂ ਸੀ ਪਰ ਸਿਆਸੀ ਪਾਰਟੀਆਂ ਦੀ ਮੰਗ ਤੋਂ ਬਾਅਦ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਤਰੀਕ ਨੂੰ ਬਦਲ ਦਿੱਤਾ ਹੈ। ਨਵੀਂ ਤਰੀਕ ਮੁਤਾਬਕ ਸੂਬੇ 'ਚ ਚੋਣਾਂ 20 ਫਰਵਰੀ ਨੂੰ ਪੈਣਗੀਆਂ। ਦੱਸ ਦੇਈਏ ਕਿ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਇਸ ਮੁੱਦੇ 'ਤੇ ਅਹਿਮ ਬੈਠਕ ਕੀਤੀ ਸੀ। ਇਸ ਮੀਟਿੰਗ ਵਿੱਚ ਸੀ.ਐਮ ਚਰਨਜੀਤ ਸਿੰਘ ਚੰਨੀ, ਬੀਜੇਪੀ ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪੱਤਰ 'ਤੇ ਚਰਚਾ ਕੀਤੀ ਗਈ। ਸਾਰਿਆਂ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਗੁਰੂ ਰਵਿਦਾਸ ਜੈਅੰਤੀ ਦੇ ਮੱਦੇਨਜ਼ਰ 16 ਫਰਵਰੀ ਨੂੰ ਵੋਟਾਂ ਪਾਉਣ ਦੀ ਮਿਤੀ ਵਧਾਉਣ ਦੀ ਮੰਗ ਕੀਤੀ ਹੈ। ਸਾਰੀਆਂ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਵੱਖ-ਵੱਖ ਪੱਤਰ ਲਿਖੇ ਸਨ। ਬਹੁਜਨ ਸਮਾਜ ਪਾਰਟੀ ਨੇ ਵੀ ਇਹ ਮੰਗ ਉਠਾਈ ਸੀ।
ਪ੍ਰਚਾਰ ਲਈ 15 ਦਿਨਾਂ ਦਾ ਸਮਾਂ ਮਿਲੇਗਾ
ਵੋਟਿੰਗ ਦੀ ਤਰੀਕ ਜੋ ਛੇ ਦਿਨ ਵਧਾ ਦਿੱਤੀ ਗਈ ਹੈ, ਉਸ ਮੁਤਾਬਕ ਕੁਝ ਹੋਰ ਬਦਲਾਅ ਕੀਤੇ ਜਾਣਗੇ। ਹੁਣ ਦੀ ਤਰ੍ਹਾਂ ਇਸ ਦਾ ਨੋਟੀਫਿਕੇਸ਼ਨ ਵੀ 25 ਜਨਵਰੀ ਨੂੰ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀ ਪੱਤਰ 1 ਫਰਵਰੀ ਤੱਕ ਭਰੇ ਜਾਣਗੇ। ਉਮੀਦਵਾਰਾਂ ਦੀ ਅੰਤਿਮ ਸੂਚੀ 4 ਫਰਵਰੀ ਨੂੰ ਜਾਰੀ ਕੀਤੀ ਜਾਵੇਗੀ। ਠੀਕ ਪੰਦਰਾਂ ਦਿਨ ਪ੍ਰਚਾਰ ਲਈ ਮਿਲਣਗੇ। ਫਿਰ 16 ਫਰਵਰੀ ਨੂੰ ਸੰਤ ਗੁਰੂ ਰਵਿਦਾਸ ਜੈਅੰਤੀ ਤੋਂ ਚਾਰ ਦਿਨ ਬਾਅਦ ਯਾਨੀ 20 ਫਰਵਰੀ ਨੂੰ ਵੋਟਾਂ ਪੈਣਗੀਆਂ।
- - - - - - - - - Advertisement - - - - - - - - -