Punjab Power Cuts: ਪੰਜਾਬ 'ਚ ਬਿਜਲੀ ਕੱਟਾਂ ਤੋਂ ਮਿਲੇਗੀ ਰਾਹਤ, ਬਿਜਲੀ ਮੰਤਰੀ ਨੇ ਦੱਸੀ ਅਗਲੀ ਪਲਾਨਿੰਗ
Punjab News: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਬਿਜਲੀ ਸਪਲਾਈ ਵਿੱਚ ਸਮੱਸਿਆ ਆਈ ਸੀ, ਜਿਸ ਨੂੰ ਸਰਕਾਰ ਨੇ ਹੱਲ ਕਰ ਲਿਆ ਹੈ।
ਚੰਡੀਗੜ੍ਹ: ਪੰਜਾਬ 'ਚ ਛੇਤੀ ਹੀ ਬਿਜਲੀ ਕੱਟਾਂ ਤੋਂ ਰਾਹਤ ਮਿਲੇਗੀ। ਇਹ ਦਾਅਵਾ ਕਰਦਿਆਂ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਹੈ ਕਿ ਸਰਕਾਰ ਸੂਬੇ ਵਿੱਚ ਨਿਰਵਿਘਨ ਬਿਜਲੀ ਸਪਲਾਈ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ ਤੇ ਬਹੁਤ ਜਲਦੀ ਹਰ ਖੇਤਰ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ 40 ਫੀਸਦੀ ਬਿਜਲੀ ਦੀ ਮੰਗ ਵਧੀ ਹੈ। ਕਈ ਬਿਜਲੀ ਤਾਪ ਘਰਾਂ ’ਚ ਤਕਨੀਕੀ ਕਾਰਨਾਂ ਕਰਕੇ ਕੁਝ ਯੂਨਿਟ ਬੰਦ ਹੋ ਗਏ ਸਨ, ਜਿਸ ਕਾਰਨ ਬਿਜਲੀ ਸਪਲਾਈ ਕੁਝ ਹੱਦ ਤੱਕ ਪ੍ਰਭਾਵਿਤ ਹੋਈ ਸੀ। ਇਨ੍ਹਾਂ ’ਚੋਂ ਕੁਝ ਯੂਨਿਟ ਹੁਣ ਠੀਕ ਕਰ ਲਏ ਗਏ ਹਨ ਅਤੇ ਬਾਕੀ ਵੀ ਜਲਦੀ ਹੀ ਬਿਜਲੀ ਉਤਪਾਦਨ ਸ਼ੁਰੂ ਕਰ ਦੇਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਝਾਰਖੰਡ ਵਿੱਚ ਪਛਵਾੜਾ ਕੋਲਾ ਖਾਣ ਮਿਲ ਗਈ ਹੈ, ਜਿਸ ਨੂੰ ਜਲਦੀ ਹੀ ਚਾਲੂ ਕਰ ਕੇ ਪੰਜਾਬ ਨੂੰ ਕੋਲਾ ਸਪਲਾਈ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬਿਜਲੀ ਕਿੱਲਤ ਦੂਰ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਲੋਕਾਂ ਨੂੰ ਬਿਜਲੀ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਬਿਜਲੀ ਸਪਲਾਈ ਵਿੱਚ ਸਮੱਸਿਆ ਆਈ ਸੀ, ਜਿਸ ਨੂੰ ਸਰਕਾਰ ਨੇ ਹੱਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਹਸਪਤਾਲਾਂ ਵਿੱਚ ਬਿਜਲੀ ਕੱਟਾਂ ਦੌਰਾਨ ਬੈਕਅਪ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤੇ ਬਿਜਲੀ ਕੱਟਾਂ ਦਾ ਸਿਹਤ ਸੰਸਥਾਵਾਂ ਵਿੱਚ ਇਲਾਜ ਕਰਵਾ ਰਹੇ ਮਰੀਜ਼ਾਂ ’ਤੇ ਕੋਈ ਅਸਰ ਨਹੀਂ ਪੈਣ ਦਿੱਤਾ ਜਾ ਰਿਹਾ।
ਦੱਸ ਦਈਏ ਕਿ ਬਿਜਲੀ ਕੱਟਾਂ ਨਾਲ ਜਿੱਥੇ ਖੇਤੀ ਖੇਤਰੀ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਸਨਅਤਕਾਰਾਂ ਦਾ ਉਤਪਾਦਨ ਪ੍ਰਭਾਵਿਤ ਹੋਣ ਲੱਗਾ ਹੈ। ਗਰਮੀ ਕਾਰਨ ਲੋਕਾਂ ਦਾ ਵੀ ਜਿਉਣਾ ਮੁਹਾਲ ਹੋ ਗਿਆ ਹੈ। ਬਿਜਲੀ ਕੱਟ ਸਮੇਂ ਫੈਕਟਰੀਆਂ ਵਿੱਚ ਲੇਬਰ ਨੂੰ ਵਿਹਲਾ ਬੈਠਣਾ ਪੈਂਦਾ ਹੈ, ਜਿਸ ਕਰਕੇ ਉਤਪਾਦਨ ਦੀ ਲਾਗਤ ਕੀਮਤ ਵਧਣ ਲੱਗ ਗਈ ਹੈ।
ਸਨਅਤਕਾਰਾਂ ਮੁਤਾਬਕ ਗਰਮੀ ਦੀ ਸ਼ੁਰੂਆਤ ’ਚ ਹੀ ਅਜਿਹੇ ਹਾਲਾਤ ਹੋਣ ਨਾਲ ਸਥਿਤੀ ਬੇਹੱਦ ਖਰਾਬ ਹੋ ਗਈ ਹੈ। ਸਭ ਤੋਂ ਵੱਧ ਮੁਸ਼ਕਲ ਐਕਸਪੋਰਟ ਨੂੰ ਹੋ ਰਹੀ ਹੈ ਕਿਉਂਕਿ ਐਕਸਪੋਰਟ ਦੇ ਆਰਡਰਾਂ ਦਾ ਸਮੇਂ ’ਤੇ ਭੁਗਤਾਨ ਕਰਨਾ ਹੁੰਦਾ ਹੈ ਪਰ ਬਿਜਲੀ ਦੇ ਵਾਰ-ਵਾਰ ਕੱਟ ਲੱਗਣ ਕਾਰਨ ਉਤਪਾਦਨ ਪੂਰਾ ਨਹੀਂ ਹੋ ਰਿਹਾ।