ਪੰਜਾਬੀ ਨੇ ਸਿਰਜਿਆ ਬ੍ਰਿਟੇਨ 'ਚ ਇਤਿਹਾਸ! ਹੁਸ਼ਿਆਰਪੁਰ ਦੇ ਚਮਨ ਲਾਲ ਬਣੇ ਬਰਮਿੰਘਮ ਦੇ ਲਾਰਡ ਮੇਅਰ
ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੱਖੋਵਾਲ ਪਿੰਡ ’ਚ ਜਨਮੇ ਚਮਨ ਬਰਤਾਨਵੀ ਸਿੱਖਾਂ ਦੇ ਰਵਿਦਾਸੀਆ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਯੂਕੇ ਜਾਣ ਤੋਂ ਬਾਅਦ ਉਹ ਕਈ ਸਾਲਾਂ ਤੱਕ ਸਥਾਨਕ ਕੌਂਸਲ ਦੇ ਮੈਂਬਰ (ਕੌਂਸਲਰ) ਰਹੇ ਹਨ।
Lord Mayor of Birmingham: ਪੰਜਾਬ ਦੇ ਜੰਮਪਲ ਚਮਨ ਲਾਲ ਨੇ ਬਰਮਿੰਘਮ ਦਾ ਪਹਿਲਾ ਭਾਰਤੀ-ਬਰਤਾਨਵੀ ਲਾਰਡ ਮੇਅਰ ਬਣ ਕੇ ਇਤਿਹਾਸ ਸਿਰਜ ਦਿੱਤਾ ਹੈ। ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਦੇ ਸ਼ਹਿਰ ਬਰਮਿੰਘਮ ਦੇ ਕੌਂਸਲਰਾਂ ਨੇ ਚਮਨ ਲਾਲ ਨੂੰ ਕੌਂਸਲ ਦੀ ਅਗਵਾਈ ਲਈ ਚੁਣਿਆ ਹੈ।
ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੱਖੋਵਾਲ ਪਿੰਡ ’ਚ ਜਨਮੇ ਚਮਨ ਬਰਤਾਨਵੀ ਸਿੱਖਾਂ ਦੇ ਰਵਿਦਾਸੀਆ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਯੂਕੇ ਜਾਣ ਤੋਂ ਬਾਅਦ ਉਹ ਕਈ ਸਾਲਾਂ ਤੱਕ ਸਥਾਨਕ ਕੌਂਸਲ ਦੇ ਮੈਂਬਰ (ਕੌਂਸਲਰ) ਰਹੇ ਹਨ। ਲੇਬਰ ਪਾਰਟੀ ਨਾਲ ਜੁੜੇ ਚਮਨ ਪਹਿਲੀ ਵਾਰ 1994 ਵਿਚ ਚੁਣੇ ਗਏ ਸਨ ਤੇ ਹਾਲ ਹੀ ਵਿਚ ਹੋਈਆਂ ਸਥਾਨਕ ਚੋਣਾਂ ’ਚ ਉਹ ਮੁੜ ਸੋਹੋ ਤੇ ਜਿਊਲਰੀ ਕੁਆਰਟਰ ਵਾਰਡ ਤੋਂ ਕੌਂਸਲਰ ਚੁਣੇ ਗਏ ਸਨ।
ਮੇਅਰ ਬਣਨ ਮੌਕੇ ਹੋਏ ਸਮਾਰੋਹ ਵਿਚ ਉਨ੍ਹਾਂ ਕਿਹਾ ਕਿ, ‘ਇਹ ਮੇਰੇ ਤੇ ਮੇਰੇ ਪਰਿਵਾਰ ਲਈ ਬੜੇ ਮਾਣ ਵਾਲੀ ਗੱਲ ਹੈ, ਨਾ ਸਿਰਫ ਭਾਰਤ ਵਿਚ ਜਨਮੇ ਇਕ ਫ਼ੌਜੀ ਅਧਿਕਾਰੀ ਦੇ ਬੇਟੇ ਵਜੋਂ, ਪਰ ਬਰਮਿੰਘਮ ਵਿਚ ਇੱਥੋਂ ਤੱਕ ਪਹੁੰਚਣ ਵਜੋਂ ਵੀ।’ ਚਮਨ ਲਾਲ ਨੇ ਕਿਹਾ ਕਿ ਉਨ੍ਹਾਂ ਕਦੇ ਨਹੀਂ ਸੋਚਿਆ ਸੀ ਕਿ ਇਕ ਦਿਨ ਉਹ ਬਰਮਿੰਘਮ ਦੇ ਲਾਰਡ ਮੇਅਰ ਬਣਨਗੇ। ਉਨ੍ਹਾਂ ਇਸ ਮੌਕੇ ਸਾਥੀ ਕੌਂਸਲਰਾਂ ਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।
ਬਰਮਿੰਘਮ ਸਿਟੀ ਕੌਂਸਲ ਮੁਤਾਬਕ ਚਮਨ ਲਾਲ ਦੇ ਪਿਤਾ ਸਰਦਾਰ ਹਰਨਾਮ ਸਿੰਘ ਬੰਗਾ ਬਰਤਾਨਵੀ-ਭਾਰਤੀ ਫ਼ੌਜ ਦੇ ਅਧਿਕਾਰੀ ਸਨ ਜਿਨ੍ਹਾਂ ਦੂਜੀ ਵਿਸ਼ਵ ਜੰਗ ਵਿਚ ਸੇਵਾਵਾਂ ਦਿੱਤੀਆਂ। ਚਮਨ ਲਾਲ ਦੇ ਪਿਤਾ 1954 ਵਿਚ ਇੰਗਲੈਂਡ ਆ ਗਏ ਤੇ ਬਰਮਿੰਘਮ ’ਚ ਵਸ ਗਏ। ਇਸ ਤੋਂ ਬਾਅਦ ਉਨ੍ਹਾਂ ਕਈ ਤਰ੍ਹਾਂ ਦੀਆਂ ਉਦਯੋਗਿਕ ਇਕਾਈਆਂ ਵਿਚ ਕੰਮ ਕੀਤਾ ਜਿਸ ਵਿਚ ਸਟੀਲ ਫੈਕਟਰੀ (ਬ੍ਰਿਟਿਸ਼ ਸਟੀਲ) ਦਾ ਕੰਮ ਵੀ ਸ਼ਾਮਲ ਸੀ।
ਚਮਨ ਲਾਲ ਮਾਂ ਜੈ ਕੌਰ ਨਾਲ 1964 ਵਿਚ ਆਪਣੇ ਪਿਤਾ ਕੋਲ ਇੰਗਲੈਂਡ ਪਹੁੰਚੇ ਸਨ। ਉਨ੍ਹਾਂ ਸੈਕੰਡਰੀ ਤੱਕ ਦੀ ਪੜ੍ਹਾਈ ਵਾਟਵਿਲੇ ਮੌਡਰਨ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਉਹ ਸੈਂਡਵੈੱਲ ਤੇ ਮੈਥਿਊ ਬੋਲਟਨ ਕਾਲਜ ਵਿਚ ਸ਼ਾਮ ਦੀਆਂ ਕਲਾਸਾਂ ਵੀ ਲਾਉਂਦੇ ਰਹੇ। ਸਿਟੀ ਕੌਂਸਲ ਮੁਤਾਬਕ ਚਮਨ ਲਾਲ ਲਗਾਤਾਰ ਸਿੱਖਦੇ ਰਹੇ ਤੇ ਪੜ੍ਹਾਈ ਜਾਰੀ ਰੱਖੀ।
ਉਨ੍ਹਾਂ ਸਥਾਨਕ ਪੌਲੀਟੈਕਨਿਕ ਤੋਂ ਅਰਥਸ਼ਾਸਤਰ ਤੇ ਲਾਅ ਦੇ ਪਾਰਟ-ਟਾਈਮ ਡਿਗਰੀ ਕੋਰਸ ਵੀ ਕੀਤੇ। ਮਗਰੋਂ ਉਨ੍ਹਾਂ ਇਲੈਕਟ੍ਰੌਨਿਕਸ ਇੰਜਨੀਅਰ ਦੀ ਯੋਗਤਾ ਹਾਸਲ ਕੀਤੀ ਤੇ ਇਕ ਇਲੈਕਟ੍ਰੌਨਿਕਸ ਕੰਪਨੀ ਦੇ ਸਰਵਿਸ ਵਿਭਾਗ ’ਚ ਸਭ ਤੋਂ ਘੱਟ ਉਮਰ ਦੇ ਚੀਫ ਇੰਜਨੀਅਰ ਬਣੇ।
ਇਸੇ ਵਿਭਾਗ ਦੇ ਉਹ ਮਗਰੋਂ ਮੈਨੇਜਰ ਵੀ ਬਣੇ। ਉਨ੍ਹਾਂ ਮਗਰੋਂ ਆਪਣੇ ਕਾਰੋਬਾਰ ਵੀ ਸ਼ੁਰੂ ਕੀਤੇ। ਸੰਨ 1971 ਵਿਚ ਚਮਨ ਨੇ ਵਿਦਿਆਵਤੀ ਨਾਲ ਵਿਆਹ ਕਰਾਇਆ। ਜੋੜੇ ਦੇ ਤਿੰਨ ਧੀਆਂ ਤੇ ਦੋ ਪੁੱਤਰ ਹਨ। ਸਿਆਸਤ ਵਿਚ ਪੈਰ ਉਨ੍ਹਾਂ 1989 ਵਿਚ ਰੱਖਿਆ ਜਦ ਉਹ ਲੇਬਰ ਪਾਰਟੀ ਦੇ ਮੈਂਬਰ ਬਣੇ।