(Source: ECI/ABP News/ABP Majha)
ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਭੂਪੀ ਰਾਣਾ ਗੈਂਗਸਟਰ ਦੀ ਧਮਕੀ, ਜਿੰਨੀ ਮਰਜ਼ੀ ਸੁਰੱਖਿਆ ਲੈ ਲਾ....
ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਬਹੁਤ ਸਾਰੇ ਗੈਂਗਸਟਰ ਗਰੁੱਪ ਮੈਦਾਨ 'ਚ ਆ ਗਏ ਹਨ। ਹੁਣ ਬੰਬੀਹਾ ਗਰੁੱਪ ਦੇ ਮੈਂਬਰ ਗੈਂਗਸਟਰ ਭੂਪੀ ਰਾਣਾ ਨੇ ਪੰਜਾਬੀ ਸਿੰਗਰ ਮਨਕੀਰਤ ਔਲਖ ਨੂੰ ਧਮਕੀ ਦਿੱਤੀ ਹੈ।
ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਬਹੁਤ ਸਾਰੇ ਗੈਂਗਸਟਰ ਗਰੁੱਪ ਮੈਦਾਨ 'ਚ ਆ ਗਏ ਹਨ। ਹੁਣ ਬੰਬੀਹਾ ਗਰੁੱਪ ਦੇ ਮੈਂਬਰ ਗੈਂਗਸਟਰ ਭੂਪੀ ਰਾਣਾ ਨੇ ਪੰਜਾਬੀ ਸਿੰਗਰ ਮਨਕੀਰਤ ਔਲਖ ਨੂੰ ਧਮਕੀ ਦਿੱਤੀ ਹੈ। ਭੂਪੀ ਰਾਣਾ ਨੇ ਮਨਕੀਰਤ ਔਲਖ ਦੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਰੋਪੜ ਜੇਲ੍ਹ ਅੰਦਰ ਸ਼ੋਅ ਲਾ ਰਿਹਾ ਹੈ।
ਉਸ ਨੇ ਲਿਖਿਆ ਕਿ ਮਨਕੀਰਤ ਲਾਈਵ ਆ ਕੇ ਕਹਿ ਰਿਹਾ ਹੈ ਕਿ ਉਸ ਦਾ ਲਾਰੈਂਸ ਬਿਸ਼ਨੋਈ ਨਾਲ ਕੋਈ ਸਬੰਧ ਨਹੀਂ ਪਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮਨਕੀਰਤ ਨੇ ਇਹ ਫੋਟੋ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਾਈ ਸੀ। ਇਸ 'ਚ ਸਾਫ ਲਿਖਿਆ ਸੀ ਕਿ ਅੱਜ ਦਾ ਸ਼ੋਅ ਲਾਰੈਂਸ ਬਿਸ਼ਨੋਈ ਦੇ ਨਾਂ ਹੈ। ਸ਼ੋਅ ਰੋਪੜ ਜੇਲ੍ਹ 'ਚ ਸੀ, ਜਿਸ ਤਰ੍ਹਾਂ ਮਨਕੀਰਤ ਨੇ ਆਪਣੀ ਪੋਸਟ 'ਚ ਲਿਖਿਆ ਸੀ ਤੇ ਇਕੱਠੇ ਉਸ ਨੇ ਲਾਰੈਂਸ ਬਿਸ਼ਨੋਈ ਨਾਲ ਫੋਟੋ ਵੀ ਸ਼ੇਅਰ ਕੀਤੀ ਸੀ।
ਭੂਪੀ ਨੇ ਇੱਕ ਪੋਸਟ 'ਚ ਲਿਖਿਆ, ਮਨਕੀਰਤ ਲਾਰੈਂਸ ਨੂੰ ਸਾਰੀ ਜਾਣਕਾਰੀ ਦਿੰਦਾ ਸੀ ਤੇ ਉਹ ਗਾਇਕਾਂ ਤੋਂ ਫਰੌਤੀ ਮੰਗਦੇ ਸੀ। ਇਸ ਦਾ ਪੂਰਾ ਹੱਥ ਹੈ ਸਿੱਧੂ ਮੂਸੇਵਾਲਾ ਦੇ ਕਤਲ 'ਚ। ਇਸ ਦਾ ਟਾਇਮ ਚੰਗਾ ਸੀ ਜੋ ਸਾਡੇ ਬੰਦੇ ਫੜ੍ਹੇ ਗਏ ਪਰ ਹੁਣ ਅਗਲਾ ਟਾਰਗੇਟ ਇਹੀ ਹੈ, ਇਹ ਪੁਲਿਸ ਤੋਂ ਜਿੰਨੀ ਮਰਜ਼ੀ ਸੁਰੱਖਿਆ ਲੈ ਲਵੇ, ਇਸ ਦੀ ਮੌਤ ਪੱਕੀ ਹੈ।
ਰਾਣਾ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣਗੇ। ਰਾਣਾ ਨੇ ਕਾਤਲਾਂ ਦਾ ਪਤਾ ਦੱਸਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ ਪੋਸਟ ਰਾਹੀਂ ਰਾਣਾ ਨੇ ਕਿਹਾ ਕਿ ਕਾਤਲ ਭਾਵੇਂ ਪੰਜਾਬ ਵਿੱਚ ਬੈਠਾ ਹੈ ਜਾਂ ਕੈਨੇਡਾ, ਅਮਰੀਕਾ, ਉਸ ਬਾਰੇ ਜਾਣਕਾਰੀ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ।
ਰਾਣਾ ਨੇ ਦਵਿੰਦਰ ਬੰਬੀਹਾ, ਨੀਰਜ ਭਵਾਨਾ, ਟਿੱਲੂ ਤਾਜਪੁਰੀਆ, ਕੌਸ਼ਲ ਚੌਧਰੀ, ਗੌਂਡਰ ਤੇ ਸ਼ੇਰਾ ਖੁੱਬਣ ਨੂੰ ਵੀ ਆਪਣੇ ਗਰੁੱਪ ਨਾਲ ਹੀ ਦੱਸਿਆ ਹੈ। ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਸ਼ਾਮ 5.30 ਵਜੇ ਮਾਨਸਾ ਦੇ ਪਿੰਡ ਜਵਾਹਰਕੇ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਭੂਪੀ ਰਾਣਾ ਨੇ ਲਿਖਿਆ ਕਿ ਮੂਸੇਵਾਲਾ ਦਾ ਮਾਨਸਾ ਵਿੱਚ ਕਤਲ ਹੋਇਆ ਸੀ। ਪੰਜਾਬੀ ਇੰਡਸਟਰੀ ਵਿੱਚ ਜੱਟ ਬੋਲਦਾ ਸੀ। ਲਾਰੈਂਸ ਤੇ ਗੋਲਡੀ ਬਰਾੜ ਝੂਠਾ ਦਾਅਵਾ ਕਰਦੇ ਹਨ ਕਿ ਮੂਸੇਵਾਲਾ ਨੇ ਗੁਰਲਾਲ ਬਰਾੜ ਤੇ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਬੰਬੀਹਾ ਗਰੁੱਪ ਦੀ ਮਦਦ ਕੀਤੀ ਸੀ। ਇਹ ਝੂਠ ਹੈ। ਅਸੀਂ ਜੋ ਵੀ ਕਰਦੇ ਹਾਂ, ਆਪਣੇ ਦਮ 'ਤੇ ਹੀ ਕਰਦੇ ਹਾਂ। ਲਾਰੈਂਸ ਗਰੁੱਪ ਜੋ ਵੀ ਕਰਦਾ ਹੈ, ਉਸ ਨੂੰ ਆਪਣੇ ਮਰੇ ਲੋਕਾਂ ਨਾਲ ਜੋੜ ਦਿੰਦਾ ਹੈ। ਭੂਪੀ ਨੇ ਕਿਹਾ ਜਿਸ ਨੇ ਵੀ ਮੂਸੇਵਾਲਾ ਨੂੰ ਮਾਰਨ ਵਿੱਚ ਮਦਦ ਕੀਤੀ, ਇੱਕ-ਇੱਕ ਕਰਕੇ ਹਿਸਾਬ ਲਿਆ ਜਾਵੇਗਾ। ਸਾਡੀ ਹਮਦਰਦੀ ਸਿੱਧੂ ਦੇ ਪਰਿਵਾਰ, ਦੋਸਤਾਂ ਤੇ ਪ੍ਰਸ਼ੰਸਕਾਂ ਨਾਲ ਹੈ। ਅਸੀਂ ਸਿੱਧੂ ਨੂੰ ਵਾਪਸ ਨਹੀਂ ਲਿਆ ਸਕਦੇ ਪਰ ਉਸ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗੇ।