ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ/ਨਵੀਂ ਦਿੱਲੀ: ਪੰਜਾਬ ਕਾਂਗਰਸ (Punjab Congress) ਦਾ ਕਲੇਸ਼ ਨਵੇਂ ਰੂਪ ਲੈ ਰਿਹਾ ਹੈ। ਇਸ ਮਾਮਲੇ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਦੀ ਐਂਟਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਂਝ ਕਾਂਗਰਸ ਹਾਈਕਮਾਨ ਨੇ ਪਾਰਟੀ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ (Sonia Gandhi) ਵੱਲੋਂ ਬਣਾਈ ਉੱਚ ਪੱਧਰੀ ਕਮੇਟੀ ਦੀ ਮਦਦ ਨਾਲ ਪੰਜਾਬ ਕਾਂਗਰਸ ਦਾ ਵਿਵਾਦ ਸੁਲਝਾਉਣ ਲਈ ਪੂਰੀ ਤਾਕਤ ਲਾਈ ਹੋਈ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਆਪਣੇ ਪੱਧਰ ਉੱਪਰ ਸਰਗਰਮ ਹੋ ਗਏ ਹਨ।


ਕਮੇਟੀ ਮੈਂਬਰਾਂ ਮੱਲਿਕਾਰਜੁਨ ਖੜਗੇ, ਹਰੀਸ਼ ਰਾਵਤ ਤੇ ਜੇਪੀ ਅਗਰਵਾਲ ਨੇ ਸੋਮਵਾਰ ਨੂੰ ਦਿੱਲੀ ਵਿੱਚ ਪੰਜਾਬ ਦੇ ਵਿਧਾਇਕਾਂ ਨਾਲ ਵੱਖਰੀ ਮੀਟਿੰਗ ਕੀਤੀ। ਮੰਗਲਵਾਰ ਨੂੰ ਨਵਜੋਤ ਸਿੱਧੂ ਨੇ ਆਪਣਾ ਪੱਖ ਕਮੇਟੀ ਸਾਹਮਣੇ ਪੇਸ਼ ਕੀਤਾ। ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਜਲਦੀ ਹੀ ਕਮੇਟੀ ਨੂੰ ਮਿਲਣ ਦੀ ਉਮੀਦ ਹੈ। ਵਿਧਾਇਕਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਪੂਰਾ ਮੌਕਾ ਦਿੱਤਾ ਜਾ ਰਿਹਾ ਹੈ। ਮੀਟਿੰਗ ਛੱਡਣ ਤੋਂ ਬਾਅਦ ਨੇਤਾ ਖੁੱਲ੍ਹ ਕੇ ਬੋਲਣ ਤੋਂ ਗੁਰੇਜ਼ ਕਰ ਰਹੇ ਹਨ।


ਦੂਜੇ ਪਾਸੇ ਰਾਹੁਲ ਗਾਂਧੀ ਇਸ ਵਿਵਾਦ ਸਬੰਧੀ ਪਰਦੇ ਪਿੱਛੇ ਤੋਂ ਸਰਗਰਮ ਹਨ। ਸੂਤਰਾਂ ਦੀ ਮੰਨੀਏ ਤਾਂ ਪਿਛਲੇ ਦਿਨੀਂ ਰਾਹੁਲ ਨੇ ਪੰਜਾਬ ਦੇ ਇੱਕ ਦਰਜਨ ਤੋਂ ਵੱਧ ਵਿਧਾਇਕਾਂ ਨਾਲ ਫ਼ੋਨ ਰਾਹੀਂ ਗੱਲਬਾਤ ਕੀਤੀ। ਮੁਲਾਕਾਤ ਲਈ ਦਿੱਲੀ ਪਹੁੰਚੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਦੱਸਿਆ ਕਿ ਰਾਹੁਲ ਗਾਂਧੀ ਦਾ ਫੋਨ ਵੀ ਉਨ੍ਹਾਂ ਕੋਲ ਆਇਆ ਸੀ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੋਵਾਂ ਦੀ ਆਪਸ 'ਤ ਕੀ ਗੱਲ ਹੋਈ।


ਪੰਜਾਬ ਦੇ ਇੱਕ ਹੋਰ ਸੀਨੀਅਰ ਵਿਧਾਇਕ ਨੇ ਏਐਨਆਈ ਨੂੰ ਦੱਸਿਆ ਕਿ ਰਾਹੁਲ ਗਾਂਧੀ ਸੂਬੇ ਦੀ ਸਥਿਤੀ ਦਾ ਬਹੁਤ ਨੇੜਿਓਂ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਸੁਣਿਆ ਤੇ ਮੁੱਦਿਆਂ ਦੇ ਕਾਰਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ।


ਉਧਰ, ਸੂਬਾ ਪ੍ਰਧਾਨ ਸੁਨੀਲ ਜਾਖੜ ਸਮੇਤ ਬਹੁਤੇ ਵਿਧਾਇਕਾਂ ਨੇ ਕਿਹਾ ਕਿ ਇਹ ਮਤਭੇਦ ਦਾ ਮਾਮਲਾ ਗੱਲਬਾਤ ਰਾਹੀਂ ਹੱਲ ਕੀਤਾ ਜਾਵੇਗਾ ਪਰ ਬਹੁਤੇ ਵਿਧਾਇਕਾਂ ਨੇ ਕਮੇਟੀ ਸਾਹਮਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਚੁੱਕਿਆ ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸਭ ਅਗਲੇ ਤਿੰਨ ਤੋਂ ਚਾਰ ਦਿਨਾਂ ਤੱਕ ਜਾਰੀ ਰਹਿ ਸਕਦਾ ਹੈ।


ਪੰਜਾਬ ਵਿਧਾਨ ਸਭਾ ਚੋਣਾਂ ਤੋਂ ਅੱਠ ਮਹੀਨੇ ਪਹਿਲਾਂ ਕਾਂਗਰਸ ਵਿੱਚ ਲੜਾਈ ਤੋਂ ਇਲਾਵਾ ਨੇਤਾਵਾਂ ਵਿੱਚ ਸੱਤਾ ਦੀ ਲੜਾਈ ਚੱਲ ਰਹੀ ਹੈ। ਹਾਲਾਂਕਿ ਇਹ ਮੁੱਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਕੇ ਸ਼ੁਰੂ ਹੋਇਆ ਕਿਉਂਕਿ ਇਹ ਸੂਬੇ ਦੇ ਲੋਕਾਂ ਲਈ ਬੇਹੱਦ ਸੰਵੇਦਨਸ਼ੀਲ ਵਿਸ਼ਾ ਹੈ।


ਹਾਲ ਹੀ ਵਿਚ ਹਾਈ ਕੋਰਟ ਨੇ 2015 ਵਿਚ ਫਰੀਦਕੋਟ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਪ੍ਰਦਰਸ਼ਨਕਾਰੀਆਂ 'ਤੇ ਫਾਇਰਿੰਗ ਦੀ ਘਟਨਾ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਰਿਪੋਰਟ ਨੂੰ ਖਾਰਜ ਕਰ ਦਿੱਤਾ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਮੇਤ ਸਮੁੱਚੀ ਕਾਂਗਰਸ ਨੇ ਇਸ ਮਾਮਲੇ ਵਿੱਚ ਸੁਖਬੀਰ ਬਾਦਲ ਨੂੰ ਦੋਸ਼ੀ ਠਹਿਰਾਇਆ। ਹੁਣ ਸਾਢੇ ਚਾਰ ਸਾਲਾਂ ਬਾਅਦ ਵੀ ਬਾਦਲ ਖਿਲਾਫ ਕੋਈ ਕਾਰਵਾਈ ਨਹੀਂ ਹੋਈ।


ਨਵਜੋਤ ਸਿੱਧੂ ਸਣੇ ਕਈ ਕਾਂਗਰਸੀ ਨੇਤਾਵਾਂ ਦਾ ਕਹਿਣਾ ਹੈ ਕਿ ਇਸ ਮੁੱਦੇ ਨੂੰ ਅਣਗੌਲਿਆ ਗਿਆ ਹੈ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦੀ ਸੱਤਾ ਲੈਣ ਦਾ ਮੌਕਾ ਮਿਲਿਆ ਸੀ। ਇਸ ਮੁੱਦੇ ਨੂੰ ਲੈ ਕੇ ਹੀ ਕੈਪਟਨ ਤੇ ਸਿੱਧੂ ਦਰਮਿਆਨ ਖੁੱਲ੍ਹੀ ਬਿਆਨਬਾਜ਼ੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਹਰਕਤ ਵਿਚ ਆਈ ਤੇ ਪਾਰਟੀ ਵਿਚ ਇਸ ਮਸਲੇ ਨੂੰ ਸੁਲਝਾਉਣ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ।


ਹੁਣ ਲੱਗਦਾ ਹੈ ਕਿ ਇਸ ਸਮੇਂ ਕੈਪਟਨ ਦੇ ਅਹੁਦੇ ਲਈ ਕੋਈ ਖਤਰਾ ਨਹੀਂ, ਪਰ ਇਹ ਖਦਸ਼ਾ ਹੈ ਕਿ ਪਾਰਟੀ ਅਗਲੀਆਂ ਚੋਣਾਂ ਉਸ ਦੇ ਚਿਹਰੇ 'ਤੇ ਲੜੇਗੀ। ਕਾਂਗਰਸ-ਲੀਡਰਸ਼ਿਪ ਨੂੰ ਇੱਕ ਨਵਾਂ ਸੂਬਾ ਪ੍ਰਧਾਨ ਚੁਣਨਾ ਵੀ ਪਏਗਾ ਜੋ ਸਾਰੇ ਧੜਿਆਂ ਨੂੰ ਮਨਜ਼ੂਰ ਹੋਵੇ। ਕਮੇਟੀ ਦੇ ਗਠਨ ਤੋਂ ਬਾਅਦ ਬਿਆਨਬਾਜ਼ੀ ਰੁੱਕ ਗਈ ਹੈ, ਪਰ ਅਜਿਹਾ ਲੱਗਦਾ ਹੈ ਕਿ ਇਸ ਦਾ ਹੱਲ ਲੱਭਣਾ ਅਜੇ ਵੀ ਇੱਕ ਗੁੰਝਲਦਾਰ ਕੰਮ ਹੈ। ਇਨਪੁੱਟ- ਏਐਨਆਈ


ਇਹ ਵੀ ਪੜ੍ਹੋ: Sowing of Paddy: ਪੰਜਾਬ 'ਚ ਹੋਣ ਲੱਗੀ ਝੋਨੇ ਦੀ ਸਿੱਧੀ ਬਿਜਾਈ, ਸੰਗਰੂਰ ਖੇਤਰ 'ਚ ਇੱਕ ਲੱਖ ਹੈਕਟੇਅਰ ਤੱਕ ਪਹੁੰਚਣ ਦੀ ਉਮੀਦ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904