Punjab news: ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਗੈਂਗਸਟਰ-ਅੱਤਵਾਦੀ ਗਠਜੋੜ ਵਿਰੁੱਧ ਵੱਡੀ ਕਾਰਵਾਈ ਕੀਤੀ। ਦੱਸ ਦਈਏ ਕਿ ਪੰਜਾਬ ਪੁਲਿਸ ਨੇ ਗੈਂਗਸਟਰਾਂ ਤੋਂ ਅੱਤਵਾਦੀ ਬਣੇ ਲਖਬੀਰ ਸਿੰਘ ਉਰਫ਼ ਲੰਡਾ ਅਤੇ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਸਾਥੀਆਂ ਦੇ ਸ਼ੱਕੀ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।


ਇਹ ਛਾਪੇਮਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੂਬੇ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਇਕੋ ਸਮੇਂ ਸਵੇਰੇ 6 ਵਜੇ ਤੋਂ 11 ਵਜੇ ਤੱਕ ਕੀਤੀ ਗਈ।


ਇਸ ਦੌਰਾਨ ਇਨ੍ਹਾਂ ਦੋਵਾਂ ਅਪਰਾਧੀਆਂ ਦੇ ਸਾਥੀਆਂ ਦੇ ਸਾਰੇ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕਿਹਾ ਕਿ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਇਸ ਆਪ੍ਰੇਸ਼ਨ ਨੂੰ ਸਫ਼ਲ ਬਣਾਉਣ ਲਈ ਮਜ਼ਬੂਤ ਪੁਲਿਸ ਟੀਮਾਂ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਦਾ ਉਦੇਸ਼ ਭਾਰਤ ਅਤੇ ਵਿਦੇਸ਼ ਅਧਾਰਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦਰਮਿਆਨ ਗਠਜੋੜ ਨੂੰ ਤੋੜਨਾ ਸੀ।


ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੂੰ ਕਾਰਵਾਈ ਦੌਰਾਨ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈਣ ਲਈ ਵੀ ਕਿਹਾ ਗਿਆ ਸੀ। ਇਸ ਆਪ੍ਰੇਸ਼ਨ ਦੌਰਾਨ ਕਰੀਬ 2000 ਪੁਲਿਸ ਮੁਲਾਜ਼ਮਾਂ ਵਾਲੀਆਂ ਪੰਜਾਬ ਪੁਲਿਸ ਦੀਆਂ 364 ਟੀਮਾਂ ਵੱਲੋਂ ਲੰਡਾ ਅਤੇ ਰਿੰਦਾ ਨਾਲ ਸਬੰਧਤ ਸਾਰੀਆਂ ਪ੍ਰਮੁੱਖ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ।


ਇਹ ਵੀ ਪੜ੍ਹੋ: SGPC ਪ੍ਰਧਾਨ ਅਕਾਲੀ ਦਲ ਦੇ ਦਫ਼ਤਰ 'ਚ ਤਲਬ, ਪ੍ਰਧਾਨ ਜੀ ਵੱਲੋਂ ਕੱਲ੍ਹ ਪੜ੍ਹ ਕੇ ਸੁਣਾਇਆ ਜਾਵੇਗਾ ਬਾਦਲ ਪਰਿਵਾਰ ਦਾ ਫੈਸਲਾ -ਮਾਨ


ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਅੱਜ ਦੀ ਤਲਾਸ਼ੀ ਮੁਹਿੰਮ ਦੀ ਯੋਜਨਾ ਲਖਬੀਰ ਲੰਡਾ ਅਤੇ ਹਰਵਿੰਦਰ ਰਿੰਦਾ ਦੀ ਹਮਾਇਤ ਵਾਲੇ ਮਾਡਿਊਲਾਂ ਦਾ ਹਾਲ ਹੀ ਵਿੱਚ ਪਰਦਾਫਾਸ਼ ਕਰਕੇ ਗ੍ਰਿਫ਼ਤਾਰ ਕੀਤੇ ਕਈ ਵਿਅਕਤੀਆਂ ਤੋਂ ਪੁੱਛਗਿੱਛ ਉਪਰੰਤ ਬਣਾਈ ਗਈ ਸੀ।


ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਅਗਲੇਰੀ ਜਾਂਚ ਲਈ ਕਈ ਵਿਅਕਤੀਆਂ ਨੂੰ ਪੁੱਛਗਿੱਛ ਵਾਸਤੇ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਅਪਰਾਧਕ ਸਮੱਗਰੀ ਬਰਾਮਦ ਵੀ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਤਲਾਸ਼ੀ ਮੁਹਿੰਮ ਦੌਰਾਨ ਇਕੱਤਰ ਕੀਤੀ ਸਮੱਗਰੀ ਅਤੇ ਅੰਕੜਿਆਂ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਅਜਿਹੇ ਛਾਪੇ ਸਮਾਜ ਵਿਰੋਧੀ ਅਨਸਰਾਂ ਵਿੱਚ ਡਰ ਪੈਦਾ ਕਰਨ ਵਿੱਚ ਮਦਦ ਕਰਦੇ ਹਨ, ਜਦੋਂ ਕਿ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਦੇ ਹਨ।


ਤਰਨਤਾਰਨ ਪੁਲਿਸ ਨੇ ਰਿੰਦਾ ਦੇ ਦੋ ਸਾਥੀਆਂ ਨੂੰ ਕੀਤਾ ਗ੍ਰਿਫ਼ਤਾਰ; ਦੋ ਪਿਸਤੌਲ ਬਰਾਮਦ


ਇਸ ਕਾਰਵਾਈ ਦੌਰਾਨ ਤਰਨਤਾਰਨ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਡੀ.ਐਸ.ਪੀ ਭਿੱਖੀਵਿੰਡ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਹਰਵਿੰਦਰ ਰਿੰਦਾ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਸਾਥੀਆਂ ਦੀ ਪਹਿਚਾਣ ਅਰਸ਼ਦੀਪ ਸਿੰਘ ਅਤੇ ਉਸ ਦੇ ਭਰਾ ਵਤਨਦੀਪ ਸਿੰਘ ਦੋਵੇਂ ਵਾਸੀ ਪਿੰਡ ਕੁੱਲਾ ਵਜੋਂ ਹੋਈ ਹੈ।


ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ 'ਚੋਂ .30 ਬੋਰ ਦਾ ਸਟਾਰ ਪਿਸਟਲ ਅਤੇ .45 ਬੋਰ ਦੇ ਦੋ ਪਿਸਟਲਾਂ ਸਮੇਤ ਵੱਖ-ਵੱਖ ਬੋਰ ਦੇ 285 ਜਿੰਦਾ ਕਾਰਤੂਸ ਬਰਾਮਦ ਕੀਤੇ। ਇਸ ਦੇ ਨਾਲ ਹੀ ਉਹਨਾਂ ਕੋਲੋਂ 100 ਗ੍ਰਾਮ ਅਫੀਮ ਅਤੇ 250 ਕਿਲੋ ਲਾਹਣ ਬਰਾਮਦ ਕੀਤਾ। ਐਸਐਸਪੀ ਤਰਨਤਾਰਨ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਦੋਵਾਂ ਭਰਾਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Manipur Violence Issue: PM ਮੋਦੀ ਭਾਰਤ ਪਰਤਦਿਆਂ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰ ਸਕਦੇ ਮੁਲਾਕਾਤ, ਮਣੀਪੁਰ ਹਿੰਸਾ ਨੂੰ ਲੈ ਕੇ ਹੋ ਸਕਦੀ ਚਰਚਾ