ਰੇਲ ਰੋਕੋ ਅੰਦੋਲਨ 'ਚ ਡਟੀਆਂ ਪੰਜਾਬਣਾ, ਲੋੜ ਪਈ ਤਾਂ ਦਿੱਲੀ ਵੱਲ ਕੂਚ ਕਰਨ ਲਈ ਤਿਆਰ
ਧਰਨੇ 'ਤੇ ਪਹੁੰਚੀਆ ਬੀਬੀਆ ਦਾ ਹੌਸਲਾ ਦੇਖ ਕੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਰਸੋਈ ਵਿੱਚ ਖਾਣਾ ਬਣਾਉਣ ਦੇ ਨਾਲ ਰਸੋਈ ਦੇ ਵਿੱਚ ਪਏ ਵੇਲਣੇ ਤੇ ਘੋਟਣੇ ਲੈ ਕੇ ਕਿਸਾਨਾਂ ਨਾਲ ਦਿੱਲੀ ਵੱਲ ਕੂਚ ਕਰਨਗੀਆਂ। ਇਨ੍ਹਾਂ ਨੂੰ ਰੋਕਣਾ ਮੁਸ਼ਕਿਲ ਹੋਵੇਗਾ।
ਸਮਰਾਲਾ: ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਰੇਲ ਰੋਕੋ ਅੰਦੋਲਨ ਦੇ ਦੂਸਰੇ ਦਿਨ ਭਾਰੀ ਗਿਣਤੀ ਵਿੱਚ ਮਹਿਲਾਵਾਂ ਨੇ ਭਾਗ ਲਿਆ। ਜਿਸ ਵਿੱਚ ਆੜ੍ਹਤੀਆਂ ਦੀਆਂ ਪਤਨੀਆਂ ਅਤੇ ਮੰਡੀ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਸ਼ਾਮਲ ਸਨ। ਉਨ੍ਹਾਂ ਕਿਹਾ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਸਾਥ ਦੇਵਾਂਗੇ। ਇਸ ਤੋਂ ਇਲਾਵਾ ਇਸ ਰੇਲ ਰੋਕੋ ਅੰਦੋਲਨ ਵਿੱਚ ਪੰਜਾਬੀ ਗਾਇਕਾਂ ਵੱਲੋਂ ਵੀ ਕਿਸਾਨਾਂ ਦੇ ਪੱਖ ਵਿੱਚ ਸਮਰਥਨ ਦਿੱਤਾ ਗਿਆ।
ਇਸ ਧਰਨੇ ਵਿੱਚ ਪਹੁੰਚੇ ਜੱਸ ਬਾਜਵਾ ਤੇ ਹਰਜੋਤ ਸੰਧੂ ਵੱਲੋਂ ਵੀ ਮੋਦੀ ਸਰਕਾਰ ਦੇ ਇਸ ਕਾਲੇ ਕਾਨੂੰਨ ਨੂੰ ਰੱਦ ਕਰਨ ਲਈ ਜੰਮ ਕੇ ਨਿਖੇਧੀ ਕੀਤੀ ਗਈ। ਧਰਨੇ ਦੌਰਾਨ ਜੀਓ ਦੇ ਸਿੰਮ ਤੋੜੇ ਗਏ। ਉਨ੍ਹਾਂ ਧਰਨੇ 'ਤੇ ਪਹੁੰਚੀਆਂ ਬੀਬੀਆਂ ਦਾ ਹੌਸਲਾ ਦੇਖ ਕੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਰਸੋਈ ਵਿੱਚ ਖਾਣਾ ਬਣਾਉਣ ਦੇ ਨਾਲ ਰਸੋਈ ਦੇ ਵਿੱਚ ਪਏ ਵੇਲਣੇ ਤੇ ਘੋਟਣੇ ਲੈ ਕੇ ਕਿਸਾਨਾਂ ਨਾਲ ਦਿੱਲੀ ਵੱਲ ਕੂਚ ਕਰਨਗੀਆਂ। ਇਨ੍ਹਾਂ ਨੂੰ ਰੋਕਣਾ ਮੁਸ਼ਕਿਲ ਹੋਵੇਗਾ।
ਕਿਸਾਨਾਂ ਨੇ ਕਿਹਾ ਕਿ ਮੋਦੀ ਨੇ ਅੰਬਾਨੀ ਤੇ ਅਡਾਨੀ ਵਰਗਿਆਂ ਦੇ ਕਹਿਣ 'ਤੇ ਹੀ ਬਿੱਲ ਪਾਸ ਕੀਤੇ ਹਨ। ਉਨ੍ਹਾਂ ਦੀ ਸਾਡੀਆਂ ਜ਼ਮੀਨਾਂ ਦੱਬਣ ਦੀ ਕੋਸ਼ਿਸ਼ ਹੈ। ਇਸ ਲਈ ਅਸੀਂ ਜੋ ਉਨ੍ਹਾਂ ਪਹਿਲਾਂ ਤੋਂ ਇੱਥੇ ਕੰਮ ਚਲਦੇ ਹਨ ਉਹ ਬੰਦ ਕਰਾਵਾਂਗੇ। ਤਾਂ ਜੋ ਇਹ ਸਾਡੇ ਪੰਜਾਬ ਦੀਆਂ ਜ਼ਮੀਨਾਂ ਵੱਲ ਦੇਖਣ ਵੀ ਨਾ।
ਉਨ੍ਹਾਂ ਕਿਹਾ ਸਰਕਾਰਾਂ ਇਨ੍ਹਾਂ ਨਾਲ ਰਲੀਆਂ ਹੋਈਆਂ ਹਨ ਜਿਸ ਲਈ ਇਨ੍ਹਾਂ ਦੇ ਪੰਪਾਂ 'ਤੇ ਪੁਲਿਸ ਵੱਲੋਂ ਰਾਖੀ ਰੱਖੀ ਜਾ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਜੋ ਅਕਾਲੀ ਦਲ ਅਤੇ ਕਾਂਗਰਸ ਵਾਲੇ ਪ੍ਰਦਰਸ਼ਨ ਕਰ ਰਹੇ ਹਨ, ਇਸ ਦਾ ਸਾਨੂੰ ਡਰ ਹੈ ਕਿ ਹੁੱਲੜਬਾਜ਼ ਕਰਕੇ ਕਿਸਾਨਾਂ ਨੂੰ ਬਦਨਾਮ ਨਾ ਕਰ ਦੇਣ। ਕਿਸਾਨਾਂ ਨੇ ਅਕਾਲੀ ਦਲ ਵੱਲੋਂ ਕੱਢੇ ਮਾਰਚ ਤੇ ਰਾਹੁਲ ਗਾਂਧੀ ਦੀ ਪੰਜਾਬ 'ਚ ਟਰੈਕਟਰ ਰੈਲੀ ਨੂੰ ਵੋਟ ਬੈਂਕ ਲਈ ਡਰਾਮੇ ਕਰਾਰ ਦਿੱਤਾ।