ਦੇਸ਼ ਭਰ 'ਚ ਰੇਲਾਂ ਦਾ ਚੱਕਾ ਜਾਮ, ਸ਼ਾਮ ਚਾਰ ਵਜੇ ਚੱਲ ਸਕਣਗੀਆਂ ਰੇਲਾਂ
ਪੰਜਾਬ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ 21 ਫ਼ਰਵਰੀ ਨੂੰ ਮਜ਼ਦੂਰ ਕਿਸਾਨ ਏਕਤਾ ਮਹਾਂਰੈਲੀ ਬਰਨਾਲਾ ’ਚ ਕਰਨ ਦਾ ਸੱਦਾ ਦਿੱਤਾ ਹੈ।
ਚੰਡੀਗੜ੍ਹ: ਖੇਤੀ ਕਾਨੂੰਨਾਂ ਵਿਰੁੱਧ ‘ਸੰਯੁਕਤ ਕਿਸਾਨ ਮੋਰਚਾ’ ਦੇ ਸੱਦੇ ’ਤੇ ਦੇਸ਼ ਭਰ ਵਿੱਚ 12 ਵਜੇ ਤੋਂ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਹੈ। ਬਿਹਾਰ ਵਿੱਚ ਤਾਂ 12 ਵਜੇ ਤੋਂ ਪਹਿਲਾਂ ਹੀ ਰੇਲ ਰੋਕ ਦਿੱਤੀ ਗਈ। ਹਾਸਲ ਰਿਪੋਰਟਾਂ ਮੁਤਾਬਕ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਤੇ ਪੱਛਮੀ ਬੰਗਾਲ ਵਿੱਚ ਰੇਲਾਂ ਰੋਕੀਆਂ ਗਈਆਂ ਹਨ।
ਪੰਜਾਬ ਦੇ 15 ਜ਼ਿਲ੍ਹਿਆਂ ਦੇ 21 ਤੇ ਹਰਿਆਣਾ ਦੇ 80 ਸਥਾਨਾਂ ਉੱਤੇ ਤੱਕ ਰੇਲਾਂ ਰੋਕੀਆਂ ਜਾ ਰਹੀਆਂ ਹਨ। ਬੇਸ਼ੱਕ ਰੇਲਵੇ ਨੇ ਇਸ ਲਈ ਪੁਖਤਾ ਪ੍ਰਬੰਧ ਕੀਤੇ ਹਨ ਪਰ ਹਰਿਆਣਾ ਸਰਕਾਰ ‘ਰੇਲ ਰੋਕੋ’ ਅੰਦੋਲਨ ਨੂੰ ਲੈ ਕੇ ਪੂਰੀ ਚੌਕਸੀ ਵਰਤ ਰਹੀ ਹੈ। ਸਮੁੱਚੇ ਸੂਬੇ ਵਿੱਚ ਹਾਈ ਅਲਰਟ ਹੈ। ਰਾਜ ਦੀਆਂ ਅਹਿਮ ਰੇਲਵੇ ਲਾਈਨਾਂ ਦੀ ਸੁਰੱਖਿਆ ਵਧਾਈ ਗਈ ਹੈ।
ਪੰਜਾਬ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ 21 ਫ਼ਰਵਰੀ ਨੂੰ ਮਜ਼ਦੂਰ ਕਿਸਾਨ ਏਕਤਾ ਮਹਾਂਰੈਲੀ ਬਰਨਾਲਾ ’ਚ ਕਰਨ ਦਾ ਸੱਦਾ ਦਿੱਤਾ ਹੈ। ਪੰਜਾਬ ’ਚ ਪਟਿਆਲਾ ਜ਼ਿਲ੍ਹੇ ਦੇ ਨਾਭਾ, ਸੰਗਰੂਰ ’ਚ ਸੁਨਾਮ, ਮਾਨਸਾ, ਬਰਨਾਲਾ ਬਠਿੰਡਾ ’ਚ ਰਾਮਪੁਰਾ, ਮੰਡੀ, ਸੰਗਤ ਮੰਡੀ ਤੇ ਗੋਨਿਆਣਾ ਮੰਡੀ, ਫ਼ਰੀਦਕੋਟ ’ਚ ਕੋਟਕਪੂਰਾ, ਮੁਕਤਸਰ ’ਚ ਗਿੱਦੜਬਾਹਾ, ਫ਼ਾਜ਼ਿਲਕਾ ’ਚ ਅਬੋਹਰ ਤੇ ਜਲਾਲਾਬਾਦ, ਫ਼ਿਰੋਜ਼ਪੁਰ, ਮੋਗਾ ’ਚ ਅਜੀਤਵਾਲ, ਲੁਧਿਆਣਾ ਤੇ ਇਸ ਜ਼ਿਲ੍ਹੇ ਦੋਰਾਹਾ, ਜਲੰਧਰ ’ਚ ਸ਼ਾਹਕੋਟ, ਤਰਨ ਤਾਰਨ, ਅੰਮ੍ਰਿਤਸਰ ’ਚ ਫਤਿਹਗੜ੍ਹ ਚੂੜੀਆਂ, ਗੁਰਦਾਸਪੁਰ ਤੇ ਕਾਦੀਆਂ ’ਚ ਅੱਜ ਦੁਪਹਿਰ 12 ਵਜੇ ਤੋਂ ਸ਼ਾਮੀਂ 4 ਵਜੇ ਤੱਕ ਰੇਲ ਗੱਡੀਆਂ ਰੋਕੀਆਂ ਜਾ ਰਹੀਆਂ ਹਨ।
ਰੇਲਵੇ ਵੱਲੋਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ 'ਤੇ ਵਿਸ਼ੇਸ਼ ਧਿਆਨ ਕੇਂਦਰਤ ਕਰਦਿਆਂ 20 ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਹਨ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ, '18 ਫਰਵਰੀ ਨੂੰ ਦੇਸ਼ ਭਰ 'ਚ ਰੇਲ ਰੋਕੋ ਅਭਿਆਨ 'ਚ ਸਾਰਿਆਂ ਨੂੰ ਸ਼ਾਂਤਮਈ ਪ੍ਰਦਰਸ਼ਨ ਦੀ ਅਪੀਲ ਕੀਤੀ ਗਈ ਹੈ। ਦੁਪਹਿਰ 12 ਤੋ 4 ਵਜੇ ਤਕ ਰੇਲ ਰੋਕਣ ਦਾ ਪ੍ਰੋਗਰਾਮ ਹੈ ਜਿਸ 'ਚ ਦੇਸ਼ ਭਰ ਤੋਂ ਸਮਰਥਨ ਦੀ ਉਮੀਦ ਹੈ।'