ਚੰਡੀਗੜ੍ਹ: ਹੁਣ ਪੰਜਾਬ ਤੇ ਹਰਿਆਣਾ ’ਚ ਬਾਰਸ਼ ਦੀਆਂ ਛਹਿਬਰਾਂ ਜਾਰੀ ਰਹਿਣਗੀਆਂ। ਸ਼ਨੀਵਾਰ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਬਾਰਸ਼ ਹੋਈ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ਦੌਰਾਨ ਵੀ ਹਲਕੇ ਤੋਂ ਦਰਮਿਆਨਾ ਮੀਂਹ ਪਏਗਾ। ਅਗਲੇ ਦਿਨਾਂ ਵਿੱਚ ਮੌਨਸੂਨ ਪੂਰੇ ਪੰਜਾਬ ਨੂੰ ਕਵਰ ਕਰ ਲਏਗਾ।

ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਚੰਡੀਗੜ੍ਹ ’ਚ 21.2 ਮਿਲੀਮੀਟਰ ਮੀਂਹ ਦਰਜ ਹੋਇਆ। ਮੀਂਹ ਪੈਣ ਕਾਰਨ ਚੰਡੀਗੜ੍ਹ ਦਾ ਤਾਪਮਾਨ 36.2 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ। ਪਟਿਆਲਾ ’ਚ 29 ਮਿਲੀਮੀਟਰ ਮੀਂਹ ਦਰਜ ਹੋਇਆ ਜਦਕਿ ਅੰਮ੍ਰਿਤਸਰ ਤੇ ਲੁਧਿਆਣਾ ’ਚ ਵੀ ਮੀਂਹ ਪਿਆ।

ਉਧਰ ਹਿਮਾਚਲ ਪ੍ਰਦੇਸ਼ ’ਚ ਕਈ ਥਾਵਾਂ ’ਤੇ ਮੀਂਹ ਪਿਆ ਜਦਕਿ ਮੌਸਮ ਵਿਭਾਗ ਨੇ ਸੂਬੇ ’ਚ ਅਗਲੇ ਦਿਨਾਂ ਦੌਰਾਨ ਮੋਹਲੇਧਾਰ ਮੀਂਹ ਦੀ ਚਿਤਾਵਨੀ ਦਿੱਤੀ ਹੈ। ਸ਼ਿਮਲਾ ਦੇ ਮੌਸਮ ਵਿਭਾਗ ਨੇ 7 ਤੋਂ 12 ਜੁਲਾਈ ਤਕ ਮੈਦਾਨੀ ਇਲਾਕਿਆਂ ਤੇ ਪਹਾੜਾਂ ’ਚ ਮੀਂਹ ਤੇ ਉੱਚੀਆਂ ਪਹਾੜੀਆਂ ’ਤੇ ਬਰਫ਼ਬਾਰੀ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਜੰਮੂ ’ਚ ਹਫ਼ਤੇ ਦੀ ਦੇਰੀ ਮਗਰੋਂ ਮੌਨਸੂਨ ਦੀ ਵਰਖਾ ਹੋਈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।