ਮਾਨਸਾ: ਇੱਥੇ ਭੈਣ-ਭਰਾ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਪਿੰਡ ਉਡਤ ਸੈਦੇਵਾਲਾ ਦੇ ਵਾਸੀ ਗੁਰਚਰਨ ਸਿੰਘ ਦੇ ਕਤਲ ਨੂੰ ਖ਼ੁਦਕੁਸ਼ੀ ਦਰਸਾਉਣ ਹੇਠ ਪੁਲਿਸ ਨੇ ਮ੍ਰਿਤਕ ਦੀ ਸਕੀ ਭੈਣ ਤੇ ਜੀਜੇ ਨੂੰ ਗ੍ਰਿਫ਼ਤਾਰ ਕੀਤਾ ਹੈ।

ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ 5 ਜੁਲਾਈ ਨੂੰ ਥਾਣਾ ਬੋਹਾ ਦੇ ਪਿੰਡ ਉਡਤ ਸੈਦੇਵਾਲਾ ਦੇ ਰਹਿਣ ਵਾਲੇ ਗੁਰਚਰਨ ਸਿੰਘ ਦੀ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਮੌਤ ਹੋ ਗਈ ਸੀ। ਇਸ ਸਬੰਧੀ ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਨੇ ਬਿਆਨ ਦਿੱਤਾ ਸੀ ਕਿ ਉਸ ਦਾ ਪੁੱਤਰ ਨਸ਼ੇੜੀ ਹੋਣ ਕਰਕੇ ਰਾਤ ਵੇਲੇ ਕੰਧ ਟੱਪ ਕੇ ਬਾਹਰੋਂ ਅੰਦਰ ਆਉਣ ਲੱਗਿਆ ਤਾਂ ਉਸ ਉਪਰ ਕੰਧ ਡਿੱਗ ਗਈ ਅਤੇ ਸੱਟਾਂ ਲੱਗਣ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਨ੍ਹਾਂ ਬਿਆਨਾਂ ਦੇ ਆਧਾਰ ’ਤੇ ਧਾਰਾ 174 ਦੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਗਿਆ।

ਖੁਰਾਣਾ ਨੇ ਦੱਸਿਆ ਕਿ ਮਾਮਲਾ ਸ਼ੱਕੀ ਹੋਣ ਕਰਕੇ ਪੁਲਿਸ ਟੀਮ ਨੇ ਪਿੰਡ ਉਡਤ ਸੈਦੇਵਾਲਾ ਪੁੱਜ ਕੇ ਖੁਫ਼ੀਆ ਪੜਤਾਲ ਕੀਤੀ। ਜਾਂਚ ਦੌਰਾਨ ਪਤਾ ਲੱਗਿਆ ਕਿ ਬੀਤੀ ਚਾਰ ਜੁਲਾਈ ਨੂੰ ਜਦ ਗੁਰਚਰਨ ਸਿੰਘ ਘਰ ਆਇਆ ਸੀ ਅਤੇ ਉਸ ਨੇ ਆਪਣੇ ਮਾਪਿਆਂ ਦੀ ਕੁੱਟਮਾਰ ਕੀਤੀ। ਗੰਭੀਰ ਜ਼ਖ਼ਮੀ ਹੋਏ ਗੁਰਚਰਨ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਮੁਤਾਬਕ ਗੁਰਚਰਨ ਦੀ ਭੈਣ ਦਲਜੀਤ ਕੌਰ, ਜੀਜਾ ਧਰਮ ਸਿੰਘ ਅਤੇ ਭਾਣਜਾ ਜਤਿੰਦਰ ਸਿੰਘ ਵਾਸੀ ਬੋਹਾ ਤੇ ਦੂਜੀ ਭੈਣ ਸਰਬਜੀਤ ਕੌਰ ਵਾਸੀ ਮਾਨਸਾ ਨੇ ਜ਼ਮੀਨ ਦੇ ਲਾਲਚ ਵਿੱਚ ਗੁਰਚਰਨ ਸਿੰਘ ਦਾ ਕਤਲ ਕਰ ਦਿੱਤਾ।

ਥਾਣਾ ਬੋਹਾ ਦੇ ਮੁੱਖ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਗੁਰਚਰਨ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਉਸ ਨੇ ਆਪਣੀ ਪਤਨੀ ਨੂੰ ਕੁੱਟਮਾਰ ਕਰ ਕੇ ਘਰੋਂ ਕੱਢ ਦਿੱਤਾ ਸੀ ਅਤੇ ਉਹ ਆਪਣੇ ਪੇਕੇ ਰਹਿੰਦੀ ਹੈ। ਉਨ੍ਹਾਂ ਮ੍ਰਿਤਕ ਦੀ ਭੈਣ ਦਲਜੀਤ ਕੌਰ, ਜੀਤਾ ਧਰਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਭਾਣਜਾ ਤੇ ਦੂਜੀ ਭੈਣ ਗ੍ਰਿਫ਼ਤ 'ਚੋਂ ਬਾਹਰ ਹਨ।