ਭੱਠਲ ਦਾ ਮੋਦੀ 'ਤੇ ਹਮਲਾ, ਕਿਹਾ, ਖੇਤੀ ਕਾਨੂੰਨਾਂ ਦੀ ਤਾਰੀਫ਼ ਕਰ ਕਿਸਾਨਾਂ ਦੇ ਜ਼ਖ਼ਮਾਂ ‘ਤੇ ਲੂਣ ਭੁੱਕ ਰਹੇ ਪ੍ਰਧਾਨ ਮੰਤਰੀ
ਬੀਬੀ ਭੱਠਲ ਨੇ ਕਿਹਾ ਕਿ "ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਹੋਛੀ ਰਾਜਨੀਤੀ ਨੂੰ ਚਮਕਾ ਰਹੇ ਹਨ।"
ਸੰਗਰੂਰ: ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ।ਬੀਬੀ ਭੱਠਲ ਨੇ ਕਿਹਾ ਕਿ "ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਹੋਛੀ ਰਾਜਨੀਤੀ ਨੂੰ ਚਮਕਾ ਰਹੇ ਹਨ।"
ਪੰਜਾਬ ਦੀ ਕਿਸਾਨੀ ਬਾਰੇ ਬੋਲਦੇ ਹੋਏ ਬੀਬੀ ਭੱਠਲ ਨੇ ਕਿਹਾ ਕਿ, "ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਕਿਸਾਨੀ ਦੇ ਹਿੱਤਾਂ ਦੀ ਰੱਖਿਆ ਕੀਤੀ ਹੈ।ਹੁਣ ਤਕ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਜਾਬ ਦੇ ਹੀ ਨਹੀਂ ਸਗੋਂ ਸਮੁੱਚੇ ਦੇਸ਼ ਦੇ ਵਿੱਚ ਵੀ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੇ ਵਿੱਚ ਕਾਂਗਰਸ ਪਾਰਟੀ ਨੇ ਮੋਹਰੀ ਰੋਲ ਅਦਾ ਕੀਤਾ ਹੈ। ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ-ਨਾਲ ਮਜਦੂਰ ਭਾਈਚਾਰੇ ਦੇ ਕਰਜ਼ੇ ਵੀ ਮੁਆਫ ਕਰਕੇ ਉਨ੍ਹਾਂ ਦੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ ਹੈ।"
ਬੀਬੀ ਭੱਠਲ ਨੇ ਇਹ ਵੀ ਆਖਿਆ ਕਿ, "ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੇਤੀ ਕਾਨੂੰਨਾਂ ਦੀ ਭਰਵੀਂ ਪ੍ਰਸ਼ੰਸਾ ਕਰਕੇ ਇਹ ਕਿਸਾਨ ਅੰਦੋਲਨ ਅਤੇ ਕਿਸਾਨਾਂ ਦੇ ਜ਼ਖ਼ਮਾਂ ਤੇ ਲੂਣ ਭੁੱਕ ਰਹੀ ਹੈ।ਉਹ ਸਰਾਸਰ ਗਲਤ ਹੈ ਉਨ੍ਹਾਂ ਆਖਿਆ ਕਿ ਅਸਲ ਵਿੱਚ ਚਾਹੀਦਾ ਤਾਂ ਇਹ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਕੇ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਆਪੋ ਆਪਣੇ ਘਰੇ ਭੇਜਦੇ।ਪਰ ਕੇਂਦਰ ਸਰਕਾਰ ਅਜਿਹਾ ਕਰਨ ਦੀ ਬਜਾਏ ਇਸ ਮਾਮਲੇ ਨੂੰ ਹੋਰ ਪੇਚੀਦਾ ਬਣਾ ਰਹੀ ਹੈ।"
ਲਹਿਰਾਗਾਗਾ ਸਥਿਤ ਆਪਣੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ, "ਨਾ ਤਾਂ ਆਮ ਆਦਮੀ ਪਾਰਟੀ ਕੋਲ ਪੰਜਾਬ ਦਾ ਕੋਈ ਮੁੱਖ ਮੰਤਰੀ ਤੇ ਨਾ ਹੀ ਕੋਈ ਚਿਹਰਾ ਹੈ।ਕੇਜਰੀਵਾਲ ਜੋ ਪੰਜਾਬ 'ਚ ਵੱਡੇ-ਵੱਡੇ ਐਲਾਨ ਕਰ ਰਿਹਾ ਹੈ, ਭਾਵੇਂ ਉਹ 300 ਯੂਨਿਟਾਂ ਬਿਜਲੀ ਮੁਆਫੀ ਹੋਵੇ ਜਾਂ ਮੁਹੱਲਾ ਡਿਸਪੈਂਸਰੀਆਂ ਉਸਦੀ ਹਕੀਕਤ ਕੁੱਝ ਹੋਰ ਹੈ।ਇਸ ਡਰਾਮੇ ਜਲਦੀ ਹੀ ਲੋਕਾਂ ਸਾਹਮਣੇ ਆ ਜਾਣਗੇ।"
ਬੀਬੀ ਭੱਠਲ ਨੇ ਦਾਅਵਾ ਕਰਦੇ ਹੋਏ ਕਿਹਾ ਕਿ, "ਪੰਜਾਬ ਦੀ ਕਾਂਗਰਸ ਪਾਰਟੀ 'ਚ ਕਿਸੇ ਵੀ ਕਿਸਮ ਦੀ ਕੋਈ ਧੜੇਬੰਦੀ ਨਹੀਂ ਅਤੇ ਆਉਣ ਵਾਲੇ ਸਮੇਂ ਦੇ 'ਚ ਚੋਣਾਂ ਜਿੱਤ ਕੇ ਮੁੜ ਸਰਕਾਰ ਬਣਾਵਾਂਗੇ।" ਉਨ੍ਹਾਂ ਅੱਗੇ ਕਿਹਾ ਕਿ, "ਪੰਜਾਬ ਦੇ ਵਿੱਚ ਪਾਰਟੀ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਏ ਜਾਣ ਦੀ ਮੈਨੂੰ ਬੇਹੱਦ ਖੁਸ਼ੀ ਹੈ, ਕਿਉਂਕਿ ਜੋ ਕੰਮ ਕਾਂਗਰਸ ਪਾਰਟੀ ਪਹਿਲਾਂ ਕਰਨਾ ਚਾਹੁੰਦੀ ਸੀ ਉਹ ਉਸ ਨੇ ਪੂਰਾ ਕਰ ਦਿੱਤਾ ਹੈ।"
ਉਨ੍ਹਾਂ ਆਖਿਆ ਕਿ ਪੰਜਾਬ ਵਿਚ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਇਹ ਬਾਕੀ ਪਾਰਟੀਆਂ ਦੇ ਮੁੰਹ ਬੰਦ ਕਰ ਦਿੱਤੇ ਹਨ ਕਿਉਂਕਿ ਉਹ ਅਜੇ ਇਸ ਗੱਲ ‘ਤੇ ਸੋਚ ਵਿਚਾਰ ਹੀ ਕਰ ਰਹੇ ਸਨ।