Balwant Singh Rajoana: ਫਾਂਸੀ ਦੀ ਸਜ਼ਾ 'ਤੇ ਰਾਜੋਆਣਾ ਦਾ ਵੱਡਾ ਬਿਆਨ, ਕੌਮ ਦੇ ਸਨਮਾਨ ਲਈ ਲਿਆ ਜਾਏ ਤੁਰੰਤ ਫੈਸਲਾ
Balwant Singh Rajoana: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੂੰ ਸ਼ੁੱਕਰਵਾਰ ਪਟਿਆਲਾ ਡੈਂਟਲ ਮੈਡੀਕਲ ਕਾਲਜ ਵਿੱਚ ਜਾਂਚ ਲਈ ਲਿਆਂਦਾ ਗਿਆ...

Balwant Singh Rajoana: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੂੰ ਸ਼ੁੱਕਰਵਾਰ ਪਟਿਆਲਾ ਡੈਂਟਲ ਮੈਡੀਕਲ ਕਾਲਜ ਵਿੱਚ ਜਾਂਚ ਲਈ ਲਿਆਂਦਾ ਗਿਆ। ਇਹ ਇੱਕ ਰੁਟੀਨ ਜਾਂਚ ਸੀ। ਰਾਜੋਆਣਾ ਨੂੰ ਦੰਦਾਂ ਦੀਆਂ ਸਮੱਸਿਆਵਾਂ ਕਰਕੇ ਪਹਿਲਾਂ ਵੀ ਕਈ ਵਾਰ ਹਸਪਤਾਲ ਲਿਆਂਦਾ ਗਿਆ ਹੈ। ਹਾਲਾਂਕਿ, ਇਸ ਵਾਰ ਮੀਡੀਆ ਨਾਲ ਗੱਲ ਕਰਦੇ ਹੋਏ ਰਾਜੋਆਣਾ ਨੇ ਆਪਣੇ ਕੇਸ 'ਤੇ ਜਲਦੀ ਫੈਸਲਾ ਲੈਣ ਦੀ ਮੰਗ ਕੀਤੀ।
ਮੀਡੀਆ ਨਾਲ ਗੱਲ ਕਰਦੇ ਹੋਏ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ, "30 ਸਾਲ ਹੋ ਗਏ ਹਨ ਤੇ ਮੈਂ 19 ਸਾਲਾਂ ਤੋਂ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹਾਂ। ਇਸ ਬਾਰੇ ਅਪੀਲ 14 ਸਾਲਾਂ ਤੋਂ ਕੇਂਦਰ ਸਰਕਾਰ ਕੋਲ ਪੈਂਡਿੰਗ ਹੈ। ਮੈਂ ਸਿਰਫ਼ ਇਹੀ ਕਹਾਂਗਾ ਕਿ ਫੈਸਲਾ ਲਿਆ ਜਾਏ। ਪੰਜ ਸਾਲਾਂ ਤੋਂ ਸੁਪਰੀਮ ਕੋਰਟ ਨੇ ਵੀ ਵਾਰ-ਵਾਰ ਫੈਸਲੇ 'ਤੇ ਸਵਾਲ ਉਠਾਏ ਹਨ।"
ਰਾਜੋਆਣਾ ਨੇ ਕਿਹਾ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਨੂੰ ਅਗਲਾ ਫੈਸਲਾ ਲੈਣ ਦੀ ਬੇਨਤੀ ਕਰਦਾ ਹਾਂ। ਇੰਤਜ਼ਾਰ ਕਾਫ਼ੀ ਲੰਮਾ ਹੈ। 30 ਸਾਲਾਂ ਬਾਅਦ ਵੀ ਫੈਸਲਾ ਨਾ ਲੈਣਾ ਇੱਕ ਘੋਰ ਬੇਇਨਸਾਫ਼ੀ ਹੈ।" ਮੈਂ ਜਥੇਦਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਕੌਮ ਦੇ ਸਨਮਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾ ਲੈਣ। ਅਸੀਂ ਬਹੁਤ ਲੰਮਾ ਇੰਤਜ਼ਾਰ ਕੀਤਾ ਹੈ।
ਦਰਅਸਲ ਰਾਜੋਆਣਾ ਵਿਰੁੱਧ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਦੀ ਰਹਿਮ ਦੀ ਅਪੀਲ 'ਤੇ ਸੁਣਵਾਈ ਵਿੱਚ ਦੇਰੀ ਦਾ ਹਵਾਲਾ ਦਿੱਤਾ ਗਿਆ ਹੈ। ਰਹਿਮ ਦੀ ਅਪੀਲ ਰਾਸ਼ਟਰਪਤੀ ਕੋਲ ਪੈਂਡਿੰਗ ਹੈ। ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਗਈ ਹੈ ਕਿ ਦੇਰੀ ਦੇ ਮੱਦੇਨਜ਼ਰ ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਿਆ ਜਾਵੇ।
ਰਾਜੋਆਣਾ ਨੂੰ 2007 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਤੇ ਫਾਂਸੀ ਦੀ ਤਾਰੀਖ 31 ਮਾਰਚ, 2012 ਤੈਅ ਕੀਤੀ ਗਈ ਸੀ। ਹਾਲਾਂਕਿ, ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਦਾਇਰ ਕੀਤੀ ਸੀ। ਇਹ ਅਪੀਲ ਪਿਛਲੇ 13 ਸਾਲਾਂ ਤੋਂ ਰਾਸ਼ਟਰਪਤੀ ਕੋਲ ਪੈਂਡਿੰਗ ਹੈ। ਰਾਜੋਆਣਾ ਇਸ ਸਮੇਂ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਹਨ।






















