ਛੁੱਟੀਆਂ ਮਨਾਉਣ ਮਗਰੋਂ ਫਿਰ ਸਲਾਖਾਂ ਪਿੱਛੇ ਜਾਏਗਾ ਰਾਮ ਰਹੀਮ, ਚੋਣਾਂ ਤੋਂ ਪਹਿਲਾਂ ਆਇਆ ਸੀ ਬਾਹਰ
ਕਤਲ ਤੇ ਬਲਾਤਕਾਰ ਦੇ ਮਾਮਲੇ 'ਚ ਸੁਨਾਰੀਆ ਜੇਲ 'ਚ ਸਜ਼ਾ ਕੱਟ ਰਹੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬੀਤੀ 7 ਫ਼ਰਵਰੀ ਨੂੰ ਫਰਲੋ ਦਿੱਤੀ ਗਈ ਸੀ। ਫਰਲੋ ਐਤਵਾਰ ਨੂੰ ਖਤਮ ਹੋ ਰਹੀ ਹੈ
ਚੰਡੀਗੜ੍ਹ: ਸੁਨਾਰੀਆ ਜੇਲ੍ਹ 'ਚੋਂ 21 ਦਿਨਾਂ ਦੀ ਫਰਲੋ 'ਤੇ ਬਾਹਰ ਆਏ ਗੁਰਮੀਤ ਰਾਮ ਰਹੀਮ ਦੀ ਫਰਲੋ ਅੱਜ ਖਤਮ ਹੋ ਜਾਵੇਗੀ। ਸੋਮਵਾਰ ਨੂੰ ਉਸ ਨੂੰ ਵਾਪਸ ਸੁਨਾਰੀਆ ਜੇਲ੍ਹ ਲਿਆਂਦਾ ਜਾਵੇਗਾ। ਇਸ ਨੂੰ ਲੈ ਕੇ ਜੇਲ੍ਹ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਆਸਪਾਸ ਦੇ ਇਲਾਕੇ ਦੀ ਵੀ ਘੇਰਾਬੰਦੀ ਕਰ ਦਿੱਤੀ ਗਈ ਹੈ। ਰੋਹਤਕ ਦੇ ਐਸਪੀ ਉਦੈ ਸਿੰਘ ਮੀਨਾ ਸੁਰੱਖਿਆ ਪ੍ਰਬੰਧਾਂ 'ਤੇ ਨਜ਼ਰ ਰੱਖ ਰਹੇ ਹਨ। ਪੁਲਿਸ ਨੂੰ ਪੂਰੀ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ।
ਕਤਲ ਤੇ ਬਲਾਤਕਾਰ ਦੇ ਮਾਮਲੇ 'ਚ ਸੁਨਾਰੀਆ ਜੇਲ 'ਚ ਸਜ਼ਾ ਕੱਟ ਰਹੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬੀਤੀ 7 ਫ਼ਰਵਰੀ ਨੂੰ ਫਰਲੋ ਦਿੱਤੀ ਗਈ ਸੀ। ਫਰਲੋ ਐਤਵਾਰ ਨੂੰ ਖਤਮ ਹੋ ਰਹੀ ਹੈ ਤੇ ਉਨ੍ਹਾਂ ਨੂੰ ਸੋਮਵਾਰ ਨੂੰ ਜੇਲ 'ਚ ਆਤਮ ਸਮਰਪਣ ਕਰਨਾ ਹੋਵੇਗਾ। ਅਜਿਹੇ 'ਚ ਰਾਮ ਰਹੀਮ ਨੂੰ ਕਿਸੇ ਵੀ ਕੀਮਤ 'ਤੇ ਜੇਲ ਪਰਤਣਾ ਪਵੇਗਾ।
ਰਾਮ ਰਹੀਮ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 2017 ਵਿੱਚ ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ 'ਚ ਸਜ਼ਾ ਸੁਣਾਈ ਸੀ। ਪੰਚਕੂਲਾ 'ਚ ਹਿੰਸਾ ਤੋਂ ਬਾਅਦ ਰਾਮ ਰਹੀਮ ਨੂੰ ਹੈਲੀਕਾਪਟਰ ਰਾਹੀਂ ਸੁਨਾਰੀਆ ਜੇਲ੍ਹ ਭੇਜਿਆ ਗਿਆ ਸੀ। ਉਦੋਂ ਤੋਂ ਉਹ ਜੇਲ੍ਹ 'ਚ ਸਨ। ਇਸ ਤੋਂ ਬਾਅਦ ਉਸ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ 'ਚ ਵੀ ਸਜ਼ਾ ਸੁਣਾਈ ਗਈ ਸੀ। ਉਹ ਵਾਰ-ਵਾਰ ਸਰਕਾਰ ਤੋਂ ਪੈਰੋਲ ਦੀ ਮੰਗ ਕਰ ਰਿਹਾ ਸੀ।
ਫਰਲੋ ਦੌਰਾਨ ਸਰਕਾਰ ਨੇ ਗੁਰਮੀਤ ਦੀ ਜਾਨ ਨੂੰ ਖ਼ਤਰੇ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਇਸ ਤੋਂ ਬਾਅਦ ਗੁਰੂਗ੍ਰਾਮ ਆਸ਼ਰਮ 'ਚ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਧਾ ਦਿੱਤੀ ਗਈ ਸੀ। ਖ਼ਾਲਿਸਤਾਨ ਸਮਰਥਕਾਂ ਤੋਂ ਰਾਮ ਰਹੀਮ ਦੀ ਜਾਨ ਨੂੰ ਖ਼ਤਰਾ ਦੱਸਿਆ ਜਾ ਰਿਹਾ ਸੀ।
ਫਰਲੋ ਦੌਰਾਨ ਗੁਰੂਗ੍ਰਾਮ 'ਚ ਰਹਿਣ ਵਾਲੇ ਰਾਮ ਰਹੀਮ ਕੋਲ ਉਸ ਦੀ ਮਾਂ ਅਤੇ ਹਨੀਪ੍ਰੀਤ ਵੀ ਪਹੁੰਚੀ ਸੀ। ਇਸ ਮਾਮਲੇ 'ਚ ਰੋਹਤਕ ਦੇ ਐਸਪੀ ਉਦੈ ਸਿੰਘ ਮੀਨਾ ਦਾ ਕਹਿਣਾ ਹੈ ਕਿ ਰਾਮ ਰਹੀਮ ਦੀ 21 ਦਿਨਾਂ ਦੀ ਛੁੱਟੀ ਐਤਵਾਰ ਨੂੰ ਖ਼ਤਮ ਹੋ ਰਹੀ ਹੈ। ਹੁਣ ਉਸ ਨੇ ਸੋਮਵਾਰ ਨੂੰ ਜੇਲ੍ਹ ਪਹੁੰਚਣਾ ਹੈ। ਜੇਲ੍ਹ ਪ੍ਰਸ਼ਾਸਨ ਨੂੰ ਚੌਕਸ ਕਰ ਦਿੱਤਾ ਗਿਆ ਹੈ। ਮੌਕੇ 'ਤੇ ਸੀਨੀਅਰ ਅਧਿਕਾਰੀ ਦੀ ਡਿਊਟੀ ਲਗਾਈ ਜਾਵੇਗੀ।