ਚੰਡੀਗੜ੍ਹ: ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਜੇਲ੍ਹ ਸੁਧਾਰਾਂ ਲਈ ਮੰਗਲਵਾਰ ਨੂੰ ਸਾਰੇ ਪੰਜਾਬ ਦੇ ਜੇਲ੍ਹ ਅਧਿਕਾਰੀਆਂ ਦੀ ਮੀਟਿੰਗ ਸੱਦੀ ਹੈ। ਮੰਤਰੀ ਰੰਧਾਵਾ ਗੈਂਗਸਟਰਾਂ ਦੀਆਂ ਜੇਲ੍ਹਾਂ ਅੰਦਰ ਸਰਗਰਮੀਆਂ ਦੇ ਮੁੱਦੇ 'ਤੇ ਵਿਚਾਰ ਚਰਚਾ ਕਰ ਸਕਦੇ ਹਨ। ਮੀਟਿੰਗ ਵਿੱਚ DGP ਜੇਲ੍ਹ ਸਮੇਤ ਸਾਰੇ ਉੱਚ ਅਧਿਕਾਰੀਆਂ ਵੀ ਮੌਜੂਦ ਹੋਣਗੇ। ਬੈਠਕ ਭਲਕੇ ਸਵੇਰੇ 11 ਵਜੇ ਚੰਡੀਗੜ੍ਹ 'ਚ ਮਾਰਕਫੈਡ ਦਫ਼ਤਰ ਵਿੱਚ ਹੋਵੇਗੀ।

 

ਸੂਤਰ ਦੱਸਦੇ ਹਨ ਕਿ ਜੇਲ੍ਹ ਮੰਤਰੀ ਗੈਂਗਸਟਰਜ਼ ਤੇ ਹੋਰ ਘੋਰ ਅਪਰਾਧੀਆਂ ਖਿਲਾਫ ਸਖ਼ਤੀ ਵਰਤਣ ਸਬੰਧੀ ਨਿਰਦੇਸ਼ ਜਾਰੀ ਕਰਨਗੇ। ਇਸ ਤੋਂ ਇਲਾਵਾ ਕੁਤਾਹੀ ਕਰਨ ਵਾਲੇ ਜੇਲ੍ਹ ਅਧਿਕਾਰੀਆਂ 'ਤੇ ਕਾਰਵਾਈ ਦੇ ਹੁਕਮ ਵੀ ਦਿੱਤੇ ਜਾ ਸਕਦੇ ਹਨ।

21 ਅਪ੍ਰੈਲ ਨੂੰ ਕੈਪਟਨ ਸਰਕਾਰ ਦੇ ਮੰਤਰੀ ਮੰਡਲ ਦੇ ਵਾਧੇ ਤੋਂ ਬਾਅਦ ਜੇਲ੍ਹ ਮੰਤਰੀ ਕਾਫ਼ੀ ਸੁਰਖੀਆਂ ਵਿੱਚ ਹਨ। ਪਹਿਲਾਂ ਮੰਤਰੀ ਦੇ ਜੇਲ੍ਹਾਂ ਵਿੱਚੋਂ ਵਧਾਈ ਫ਼ੋਨ ਆਉਣ ਬਾਰੇ ਇੰਕਸ਼ਾਫ਼ ਨੇ ਕਾਫੀ ਚਰਚਾ ਛੇੜ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਨਿਰਦੇਸ਼ਾਂ ਤਹਿਤ ਹੀ ਸੰਗਰੂਰ ਜੇਲ੍ਹ ਵਿੱਚ ਗੈਂਗਸਟਰ ਰਵੀ ਦਿਓਲ ਦੀ ਫੇਸਬੁੱਕ ਸਰਗਰਮੀਆਂ ਦੀ ਪੜਤਾਲ ਲਈ ਵੱਡੇ ਪੱਧਰ 'ਤੇ ਜੇਲ੍ਹ ਦੀ ਤਲਾਸ਼ੀ ਲਈ ਸੀ।