ਅੰਮ੍ਰਿਤਸਰ: ਕਾਨੂੰਨ ਦੀ ਪੜ੍ਹਾਈ ਕਰਨ ਵਾਲੀ ਵਿਦਿਆਰਥਣ ਨਾਲ ਪੰਜਾਬ ਪੁਲਿਸ ਦੇ ਏਆਈਜੀ ਰਣਧੀਰ ਸਿੰਘ ਉੱਪਲ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਹੋ ਗਿਆ ਹੈ। ਉੱਪਲ ਕ੍ਰਾਈਮ ਬਿਉਰੋ ਆਫ਼ ਇਨਵੈਸਟੀਗੇਸ਼ਨ ਵਿੱਚ ਤਾਇਨਾਤ ਹਨ। ਇੱਕ ਮਹਿਲਾ ਆਈਜੀ ਅਧਿਕਾਰੀ ਵੱਲੋਂ ਜਾਂਚ ਕੀਤੇ ਜਾਣ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਗਿਆ ਹੈ।
ਅੰਮ੍ਰਿਤਸਰ ਸ਼ਹਿਰੀ-2 ਦੇ ਪੁਲਿਸ ਕਪਤਾਨ ਲਖਬੀਰ ਸਿੰਘ ਨੇ ਦੱਸਿਆ ਕਿ ਇਲਜ਼ਾਮ ਲਾਉਣ ਵਾਲੀ ਕੁੜੀ ਦਾ ਹਾਲੇ ਤਕ ਮੈਡੀਕਲ ਨਹੀਂ ਹੋਇਆ, ਪਰ ਏਆਈਜੀ ਵਿਰੁੱਧ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਉੱਪਲ ਵਿਰੁੱਧ ਆਈਪੀਸੀ ਧਾਰਾ 376, 376 ਸੀ, 354, 354 ਡੀ, 506, 498 ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਦਰਅਸਲ, ਬੀਤੇ ਹਫ਼ਤੇ ਅੰਮ੍ਰਿਤਸਰ ਦੇ ਯੂਨੀਵਰਸਿਟੀ ਵਿੱਚ ਵਕਾਲਤ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਨੇ ਏਆਈਜੀ ਰਣਧੀਰ ਸਿੰਘ ਉੱਪਲ ’ਤੇ ਜਿਣਸੀ ਸੋਸ਼ਣ ਕਰਨ ਦੇ ਦੋਸ਼ ਲਾਏ ਸਨ। ਕੁੜੀ ਨੇ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਸ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਏਆਈਜੀ ਲਗਾਤਾਰ ਫ਼ੋਨ ਕਰਕੇ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰ ਰਿਹਾ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਏਆਈਜੀ ਉੱਪਰ ਆਪਣੇ ਸਾਥੀਆਂ ਸਮੇਤ ਉਸ ਨਾਲ ਜ਼ਬਰਦਸਤੀ ਕਰਨ ਦੇ ਦੋਸ਼ ਵੀ ਲਾਏ। ਸ਼ਿਕਾਇਤਕਰਤਾ ਮੁਤਾਬਕ ਉਹ ਵਿਆਹੀ ਹੋਈ ਹੈ ਤੇ ਏਆਈਜੀ ਉਸ ਦੇ ਪੁੱਤਰ ਨੂੰ ਨੁਕਸਾਨ ਪਹੁੰਚਾਉਣ ਤੇ ਝੂਠਾ ਕੇਸ ਪਾਉਣ ਦੀ ਧਮਕੀ ਦੇ ਰਿਹਾ ਹੈ। ਉਸ ਨੇ ਪੀੜਤਾ ਨੇ ਪੁਲਿਸ ਨੂੰ ਇੱਕ ਵੀਡੀਓ ਵੀ ਮੁਹੱਈਆ ਕਰਾਈ ਸੀ ਜਿਸ ਵਿੱਚ ਏਆਈਜੀ ਵ੍ਹੱਟਸਐਪ ਕਾਲ ਕਰ ਕੇ ਉਸ ਨੂੰ ਧਮਕੀ ਦੇ ਰਿਹਾ ਹੈ ਤੇ ਮੰਦੇ ਸ਼ਬਦ ਬੋਲ ਰਿਹਾ ਹੈ।