ਅੰਮ੍ਰਿਤਸਰ: ਪੰਜਾਬ ਪੁਲਿਸ ਦੇ ਏਆਈਜੀ ਰਣਧੀਰ ਸਿੰਘ ਉੱਪਲ ਖਿਲਾਫ ਬਲਾਤਕਾਰ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਵਾਉਣ ਵਾਲੀ ਪੀੜਤਾ ਅੱਜ ਅੰਮ੍ਰਿਤਸਰ ਦੇ ਕੈਂਟ ਥਾਣੇ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਲਈ ਪਹੁੰਚੀ। ਏਸੀਪੀ ਰਿਚਾ ਅਗਨੀਹੋਤਰੀ ਦੀ ਅਗਵਾਈ ਵਿੱਚ ਬਣੀ ਸਿੱਟ ਨੇ ਉਸ ਦੇ ਬਿਆਨ ਦਰਜ ਕੀਤੇ। ਇਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਪੀੜਤਾਂ ਨੂੰ ਮੈਡੀਕਲ ਕਰਵਾਉਣ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਿਵਲ ਹਸਪਤਾਲ ਭੇਜਿਆ ਜਿੱਥੇ ਡਾਕਟਰਾਂ ਦੇ ਬੋਰਡ ਨੇ ਉਸ ਦਾ ਮੈਡੀਕਲ ਕੀਤਾ।


ਦੂਜੇ ਪਾਸੇ ਇਸ ਮਾਮਲੇ ਵਿੱਚ ਪੁਲਿਸ ਨਾਮਜ਼ਦ ਅਧਿਕਾਰੀ ਰਣਧੀਰ ਸਿੰਘ ਉੱਪਲ ਦਾ ਅਜੇ ਤੱਕ ਸੁਰਾਗ ਲਾਉਣ ਵਿਚ ਅਸਫਲ ਰਹੀ ਹੈ। ਪੁਲੀਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਛੇਤੀ ਹੀ ਗ੍ਰਿਫ਼ਤਾਰ ਕੀਤੀ ਜਾਵੇਗੀ। ਪੁਲਿਸ ਨੇ ਏਆਈਜੀ ਰਣਧੀਰ ਸਿੰਘ ਉੱਪਲ ਖਿਲਾਫ ਲੁੱਕਆਊਟ ਨੋਟਿਸ ਪਹਿਲਾਂ ਹੀ ਜਾਰੀ ਕਰ ਦਿੱਤਾ ਹੈ।


ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਦੀ ਰਹਿਣ ਵਾਲੀ ਲਾਅ ਦੀ ਵਿਦਿਆਰਥਣ ਨੇ ਏਆਈਜੀ ਰਣਧੀਰ ਸਿੰਘ ਉੱਪਲ ਖਿਲਾਫ਼ ਪਿਸਤੌਲ ਦੀ ਨੋਕ ‘ਤੇ ਬਲਾਤਕਾਰ ਕਰਨ ਦੇ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਮਹਿਲਾ ਆਈਪੀਐਸ ਅਧਿਕਾਰੀ ਵਿਭੂ ਰਾਜ ਨੇ ਕੀਤੀ। ਉਨ੍ਹਾਂ ਰਣਧੀਰ ਸਿੰਘ ਉੱਪਲ ਖਿਲਾਫ ਮਾਮਲਾ ਦਰਜ ਕਰਨ ਦੀ ਸਿਫ਼ਾਰਸ਼ ਕੀਤੀ। ਇਸ ਤੋਂ ਬਾਅਦ ਅੰਮ੍ਰਿਤਸਰ ਦੇ ਕੈਂਟ ਥਾਣੇ ਵਿੱਚ ਏਆਈਜੀ ਰਣਧੀਰ ਸਿੰਘ ਖਿਲਾਫ ਬਲਾਤਕਾਰ ਸਮੇਤ ਹੋਰ ਕਈ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ।