ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦਾ ਖ਼ਾਲਿਸਤਾਨ ਦੀ ਮੰਗ ਗ਼ੈਰ ਕਨੂੰਨੀ ਨਹੀਂ ਹੈ, ਕਹਿਣਾ ਪੰਜਾਬ ਦੀ ਸਿਆਸਤ ਨੂੰ ਹਜ਼ਮ ਨਹੀਂ ਹੋ ਰਿਹਾ। ਕਮੇਟੀ ਪ੍ਰਧਾਨ ਖ਼ਾਲਿਸਤਾਨ ਸਬੰਧੀ ਬਿਆਨ ਨਾਲ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ।


ਪ੍ਰੋ. ਬਡੂੰਗਰ ਦੇ ਬਿਆਨ ਤੋਂ ਬਾਅਦ ਕਈ ਨੇਤਾਵਾਂ ਨੇ ਉਨ੍ਹਾਂ 'ਤੇ ਇਲਜ਼ਾਮ ਲਾਏ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਨੇ ਪ੍ਰੋ. ਬਡੂੰਗਰ ਦੇ ਬਿਆਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਜਗਤ ਦੀ ਸਿਰਮੌਰ ਜਥੇਬੰਦੀ ਹੈ, ਇਸ ਲਈ ਕਮੇਟੀ ਪ੍ਰਧਾਨ ਨੂੰ ਕੋਈ ਵੀ ਬਿਆਨ ਸੋਚ-ਸਮਝ ਦੇਣਾ ਚਾਹੀਦਾ ਹੈ।

ਜਾਖੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਕ ਪਾਸੇ ‘ਆਪ’ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪਿਤਾ ਸੁਖਜਿੰਦਰ ਸਿੰਘ ਨੂੰ ਖ਼ਾਲਿਸਤਾਨੀ ਦੱਸ ਕੇ ਉਸ ਦੀ ਨਿੰਦਾ ਕਰ ਰਹੇ ਹਨ ਤੇ ਦੂਜੇ ਪਾਸੇ ਪ੍ਰੋ. ਬਡੂੰਗਰ ਤੋਂ ਅਜਿਹੀ ਬਿਆਨਬਾਜ਼ੀ ਕਰਵਾ ਰਹੇ ਹਨ।

ਸੀਪੀਆਈ ਦੀ ਕੇਂਦਰੀ ਕਮੇਟੀ ਦੇ ਮੈਂਬਰ ਡਾ. ਜੋਗਿੰਦਰ ਦਿਆਲ ਦਾ ਕਹਿਣਾ ਹੈ ਕਿ ਪ੍ਰੋ. ਬਡੂੰਗਰ ਵਰਗਾ ਸਮਝਦਾਰ ਸ਼ਖ਼ਸ ਅਜਿਹਾ ਬਿਆਨ ਨਹੀਂ ਦੇ ਸਕਦਾ। ਇਹ ਬਿਆਨ ਬਾਦਲਾਂ ਦੇ ਦਬਾਅ ਹੇਠ ਆਇਆ ਹੈ। ਡਾ. ਦਿਆਲ ਨੇ ਮੰਗ ਕੀਤੀ ਕਿ ਬਾਦਲ ਇਸ ਬਾਰੇ ਸਪੱਸ਼ਟੀਕਰਨ ਦੇਣ। ਇਸ ਦੌਰਾਨ ਭਾਜਪਾ ਨੇ ਵੀ ਪ੍ਰੋ. ਬਡੂੰਗਰ ਦੇ ਬਿਆਨ ਦੀ ਨਿੰਦਾ ਕੀਤੀ ਹੈ। ਭਾਜਪਾ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਕਿਹਾ ਕਿ ਖ਼ਾਲਿਸਤਾਨ ਦੀ ਮੰਗ ਗ਼ੈਰ-ਸੰਵਿਧਾਨਕ ਹੈ ਤੇ ਹਮੇਸ਼ਾ ਰਹੇਗੀ।

ਉੱਧਰ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪ੍ਰੋ. ਬਡੂੰਗਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਿਰਫ਼ ਹਵਾਲਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਕਦੇ ਖ਼ਾਲਿਸਤਾਨ ਦੀ ਹਮਾਇਤ ਨਹੀਂ ਕੀਤੀ ਹੈ।

ਜ਼ਿਕਰਯੋਗ ਹੈ ਕਿ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਬੀਤੇ ਦਿਨੀਂ ਕਿਹਾ ਸੀ, "ਖ਼ਾਲਿਸਤਾਨ ਦੀ ਮੰਗ ਗ਼ੈਰ-ਕਾਨੂੰਨੀ ਨਹੀਂ ਹੈ। ਕੋਰੀਆ, ਇੰਗਲੈਂਡ ਤੇ ਫਰਾਂਸ, ਸਪੇਨ ‘ਚ ਵੀ ਲੋਕ ਅਜ਼ਾਦੀ ਦੀ ਮੰਗ ਕਰ ਰਹੇ ਹਨ। ਖ਼ਾਲਿਸਤਾਨ ਵਿਚਾਰਧਾਰਾ ਨਾਲ ਸਹਿਮਤ ਹੋਣਾ ਕੋਈ ਜ਼ੁਰਮ ਨਹੀਂ ਹੈ। ਜਮਹੂਰੀਅਤ 'ਚ ਆਪਣੀ ਗੱਲ ਕਹਿਣ ਦਾ ਹੱਕ ਸਭ ਨੂੰ ਹੈ।"