ਨਵੀਂ ਦਿੱਲ਼ੀ: ਦਿੱਲੀ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਇਸ ਸਾਲ ਗਣਤੰਤਰ ਦਿਵਸ 'ਤੇ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਕਥਿਤ ਤੌਰ 'ਤੇ ਹਿੰਸਾ ਤੇ ਭੰਨ੍ਹਤੋੜ ਦੇ ਮਾਮਲੇ ਵਿੱਚ ਬੂਟਾ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ। ਵਧੀਕ ਸੈਸ਼ਨ ਜੱਜ ਕਾਮਿਨੀ ਲਾਓ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬੂਟਾ ਸਿੰਘ ਨੂੰ ਜ਼ਮਾਨਤ ਦੇ ਦਿੱਤੀ। ਬੂਟਾ ਸਿੰਘ ਨੇ ਕਿਸਾਨ ਅੰਦੋਲਨ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ।


ਪੰਜ ਮਹੀਨਿਆਂ ਤੋਂ ਵੱਧ ਫਰਾਰ ਰਹਿਣ ਤੋਂ ਬਾਅਦ 26 ਸਾਲਾ ਬੂਟਾ ਸਿੰਘ ਉਤੇ 50,000 ਰੁਪਏ ਦਾ ਇਨਾਮ ਰੱਖਿਆ ਸੀ। ਉਸ ਨੂੰ 30 ਜੂਨ ਨੂੰ ਪੰਜਾਬ ਦੇ ਤਰਨ ਤਾਰਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦਿੱਲੀ ਪੁਲਿਸ ਅਨੁਸਾਰ, ਬੂਟਾ ਸਿੰਘ ਇੱਕ ਹਿੰਸਕ ਭੀੜ ਦਾ ਹਿੱਸਾ ਸੀ ਜਿਸ ਨੇ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ਤੇ ਪੁਲਿਸ ਮੁਲਾਜ਼ਮਾਂ ਤੇ ਹਮਲਾ ਕੀਤਾ ਤੇ ਜਨਤਕ ਜਾਇਦਾਦ ਨੂੰ ਤੋੜਿਆ ਸੀ। ਪੁਲਿਸ ਨੇ ਉਸ ਤੋਂ ਪੁੱਛਗਿੱਛ ਕਰਨ ਤੇ ਕਥਿਤ ਸਾਜਿਸ਼ ਲਈ ਫੰਡ ਦੇਣ ਦੇ ਸ੍ਰੋਤ ਦਾ ਪਤਾ ਲਾਉਣ ਲਈ ਅਦਾਲਤ ਤੋਂ ਉਸ ਦੀ ਪੰਜ ਦਿਨਾਂ ਦੀ ਹਿਰਾਸਤ ਮੰਗੀ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੀ ਕਾਨੂੰਨੀ ਟੀਮ ਮਾਮਲੇ ਨੂੰ ਵੇਖ ਰਹੀ ਹੈ।


ਇਸ ਕੇਸ ਵਿੱਚ ਮੁਲਜ਼ਮਾਂ ਦੀ ਪੈਰਵੀ ਲਈ ਵਕੀਲ ਜਸਪ੍ਰੀਤ ਰਾਏ, ਰਵਿੰਦਰ ਕੌਰ, ਵੀਪੀਐਸ ਸੰਧੂ, ਜਸਦੀਪ ਐਸ ਢਿੱਲੋਂ, ਕਪਿਲ ਮਦਾਨ, ਨਿਤਿਨ ਕੁਮਾਰ ਤੇ ਗੁਰਮੁਖ ਸਿੰਘ ਪੇਸ਼ ਹੋਏ। ਕਾਬਲੇਗੌਰ ਹੈ ਕਿ 26 ਜਨਵਰੀ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਕੱਢੀ ਇੱਕ ਟਰੈਕਟਰ ਰੈਲੀ ਦੌਰਾਨ ਪ੍ਰਦਰਸ਼ਨ ਕਰ ਰਹੇ ਕਿਸਾਨ ਦੀ ਪੁਲਿਸ ਨਾਲ ਝੜਪ ਹੋਈ ਤੇ ਲਾਲ ਕਿਲ੍ਹੇ ਵਿੱਚ ਦਾਖਲ ਹੋਏ। ਲਾਲ ਕਿਲੇ ਦੇ ਗੁੰਬਦ 'ਤੇ ਧਾਰਮਿਕ ਝੰਡੇ ਲਹਿਰਾਏ ਤੇ ਸੈਂਕੜੇ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਸਨ।


ਇਹ ਵੀ ਪੜ੍ਹੋ: ਬਾਲੀਵੁੱਡ ਪ੍ਰੋਜੈਕਟ ਲਈ ਮੁੰਬਈ ਪਹੁੰਚੀ ਪੰਜਾਬੀ ਗਾਇਕਾ Afsana Khan


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904