Punjab News: ਭਾਜਪਾ ਤੋਂ ਵਾਪਸ ਆਏ ਆਗੂਆਂ ਦਾ ਵਿਰੋਧ ਤੇਜ਼, ਕਾਂਗਰਸ ਦੇ ਚਾਰ ਜ਼ਿਲ੍ਹਾ ਪ੍ਰਧਾਨਾਂ ਦੇ ਅਸਤੀਫ਼ੇ, ਕਿਹਾ- ਆਏ ਹੋ ਤਾਂ ਵਰਕਰ ਬਣੋ
Congress: ਸਾਬਕਾ ਮੰਤਰੀਆਂ ਬਲਬੀਰ ਸਿੰਘ ਸਿੱਧੂ, ਸੁੰਦਰ ਸ਼ਾਮ ਅਰੋੜਾ, ਜੀਤ ਮਹਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਕਾਂਗੜ ਦੀ ਕਾਂਗਰਸ ਵਿੱਚ ਵਾਪਸੀ ਦਾ ਵਿਸ਼ੇਸ਼ ਤੌਰ ’ਤੇ ਵਿਰੋਧ ਕਰਦਿਆਂ ਚਾਰ ਜ਼ਿਲ੍ਹਾ ਪ੍ਰਧਾਨਾਂ ਨੇ ਆਪਣੇ ਅਸਤੀਫ਼ਿਆਂ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਪਾਰਟੀ ਨਾਲ ਧੋਖਾ ਕੀਤਾ ਹੈ
Punjab News: ਪੰਜਾਬ ਭਾਜਪਾ ਛੱਡ ਕੇ ਘਰ ਵਾਪਸੀ ਕਰਨ ਵਾਲੇ ਅੱਠ ਕਾਂਗਰਸੀ ਆਗੂਆਂ ਦਾ ਸੂਬਾ ਕਾਂਗਰਸ ਵਿੱਚ ਹੀ ਵਿਰੋਧ ਸ਼ੁਰੂ ਹੋ ਗਿਆ ਹੈ। ਚਾਰ ਜ਼ਿਲ੍ਹਾ ਪ੍ਰਧਾਨਾਂ ਨੇ ਆਪਣੇ ਅਸਤੀਫ਼ੇ ਸੂਬਾ ਪ੍ਰਧਾਨ ਨੂੰ ਭੇਜ ਦਿੱਤੇ ਹਨ।
ਸਾਬਕਾ ਮੰਤਰੀਆਂ ਬਲਬੀਰ ਸਿੰਘ ਸਿੱਧੂ, ਸੁੰਦਰ ਸ਼ਾਮ ਅਰੋੜਾ, ਜੀਤ ਮਹਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਕਾਂਗੜ ਦੀ ਕਾਂਗਰਸ ਵਿੱਚ ਵਾਪਸੀ ਦਾ ਵਿਸ਼ੇਸ਼ ਤੌਰ ’ਤੇ ਵਿਰੋਧ ਕਰਦਿਆਂ ਚਾਰ ਜ਼ਿਲ੍ਹਾ ਪ੍ਰਧਾਨਾਂ ਨੇ ਆਪਣੇ ਅਸਤੀਫ਼ਿਆਂ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਪਾਰਟੀ ਨਾਲ ਧੋਖਾ ਕੀਤਾ ਹੈ ਅਤੇ ਸੱਤਾ ਦੇ ਲਾਲਚੀ ਆਗੂਆਂ ਨੂੰ ਪਾਰਟੀ ਵਿੱਚ ਮੁੜ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ। ਜੇ ਇਹਨਾਂ ਆਗੂਆਂ ਨੂੰ ਕਾਂਗਰਸ ਵਿੱਚ ਵਾਪਿਸ ਲਿਆ ਜਾਂਦਾ ਹੈ ਤਾਂ ਅਜਿਹੇ ਮੌਕਾਪ੍ਰਸਤਾਂ ਨੂੰ ਵਰਕਰਾਂ ਦੀ ਕਤਾਰ ਵਿੱਚ ਰੱਖਿਆ ਜਾਵੇ। ਉਨ੍ਹਾਂ ਨੂੰ ਪਾਰਟੀ ਵਿੱਚ ਆਗੂ ਵਜੋਂ ਥਾਂ ਨਹੀਂ ਦਿੱਤੀ ਜਾਣੀ ਚਾਹੀਦੀ।
ਦੂਜੇ ਪਾਸੇ ਪਾਰਟੀ ਹਾਈਕਮਾਂਡ ਦੇ ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਤੋਂ ਪਰਤੇ ਇਨ੍ਹਾਂ ਸਾਰੇ ਆਗੂਆਂ ਨੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਦੀ ਅਗਵਾਈ ਹੇਠ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨਾਲ ਮੁਲਾਕਾਤ ਕੀਤੀ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ।
ਪੰਜਾਬ ਕਾਂਗਰਸ ਦੇ ਕੁਝ ਆਗੂਆਂ ਨੇ ਕਿਹਾ ਕਿ ਸੂਬਾ ਪ੍ਰਧਾਨ ਰਾਜਾ ਵੜਿੰਗ ਵੀ ਵਾਪਸੀ ਕਰਨ ਵਾਲੇ ਆਗੂਆਂ ਨੂੰ ਲੈ ਕੇ ਉਤਸ਼ਾਹਿਤ ਨਹੀਂ ਹਨ ਅਤੇ ਕਈ ਹੋਰ ਸੀਨੀਅਰ ਆਗੂ ਵੀ ਉਨ੍ਹਾਂ ਦੀ ਵਾਪਸੀ ’ਤੇ ਇਤਰਾਜ਼ ਉਠਾ ਰਹੇ ਹਨ। ਸੀਨੀਅਰ ਆਗੂਆਂ ਨੇ ਹਾਈਕਮਾਂਡ ਤੋਂ ਮੰਗ ਕੀਤੀ ਹੈ ਕਿ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਫਿਰ ਵਾਪਸ ਆਉਣ ਵਾਲੇ ਇਨ੍ਹਾਂ ਆਗੂਆਂ ਨੂੰ ਮੌਕਾਪ੍ਰਸਤ ਕਰਾਰ ਦੇ ਕੇ ਪਾਰਟੀ ਵਿੱਚ ਵਾਪਸ ਨਾ ਲਿਆ ਜਾਵੇ। ਇਹ ਵੀ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਆਗੂਆਂ ਨੂੰ ਭਾਜਪਾ ਵਿੱਚੋਂ ਵਾਪਸ ਲਿਆਉਣ ਵਿੱਚ ਪ੍ਰਤਾਪ ਬਾਜਵਾ ਨੇ ਅਹਿਮ ਭੂਮਿਕਾ ਨਿਭਾਈ ਸੀ ਅਤੇ ਇਹ ਬਾਜਵਾ ਹੀ ਉਨ੍ਹਾਂ ਨੂੰ ਹਾਈਕਮਾਂਡ ਨੂੰ ਮਿਲਣ ਲਈ ਦਿੱਲੀ ਲੈ ਕੇ ਗਏ ਸਨ।
ਇਹ ਵੀ ਪੜ੍ਹੋ: IT Raid: ਇਨਕਮ ਟੈਕਸ ਵਿਭਾਗ ਵੱਲੋਂ ਟਰਾਈਡੈਂਟ ਗਰੁੱਪ ਦੇ ਸਾਰੇ ਟਿਕਾਣਿਆਂ 'ਤੇ ਛਾਪੇਮਾਰੀ