ਚੰਡੀਗੜ੍ਹ: ਪੰਜਾਬ ਦੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ ਕੱਲ੍ਹ ਟ੍ਰੈਫਿਕ ਦੀ ਭਰਮਾਰ ਹੈ। ਸਵੇਰ ਤੇ ਸ਼ਾਮ ਸਮੇਂ ਤਾਂ ਸੜਕਾਂ 'ਤੇ ਜਾਮ ਅਕਸਰ ਹੀ ਵੇਖੇ ਜਾ ਸਕਦੇ ਹਨ। ਇਹ ਜਾਮ ਕਿਤੇ ਸਾਰਾ ਦਿਨ ਹੀ ਲੱਗਣ ਲੱਗ ਜਾਣ ਤਾਂ ਪ੍ਰਸ਼ਾਸਨ ਨੇ ਇਸ ਬਾਰੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਨੇ ਸਿਟੀ ਬਿਊਟੀਫੁੱਲ ਦੀ ਸੁੰਦਰਤਾ ਬਰਕਰਾਰ ਰੱਖਣ ਲਈ ਹੁਣ ਕੌਮੀ ਰਾਜਧਾਨੀ ਵਾਲਾ ਹੱਲ ਲੱਭਿਆ ਹੈ। ਘਬਰਾਓ ਨਾ, ਚੰਡੀਗੜ੍ਹ ਵਿੱਚ ਔਡ-ਈਵਨ ਵਾਲੀ ਸਕੀਮ ਨਹੀਂ ਲਾਗੂ ਹੋਣ ਲੱਗੀ। ਚੰਡੀਗੜ੍ਹ ਵਿੱਚ ਹੁਣ ਦਿੱਲੀ ਦੀ ਤਰਜ਼ 'ਤੇ ਰਿੰਗ ਰੋਡ ਦੀ ਬਣਾਈ ਜਾਵੇਗੀ, ਤਾਂ ਜੋ ਸ਼ਹਿਰ ਨੂੰ ਟ੍ਰੈਫਿਕ ਤੋਂ ਨਿਤਾਜ ਮਿਲ ਸਕੇ।

ਚੰਡੀਗੜ੍ਹ ਦੁਆਲੇ ਬਣਾਈ ਜਾਣ ਵਾਲੀ ਇਸ ‘ਰਿੰਗ ਰੋਡ’ ਨਾਲ ਪੰਜਾਬ ਤੇ ਹਰਿਆਣਾ ’ਚੋਂ ਰੋਜ਼ਾਨਾ ਸ਼ਹਿਰ ’ਚ ਦਾਖ਼ਲ ਹੁੰਦੇ ਲਗਪਗ ਢੇਡ ਲੱਖ ਵਾਹਨਾਂ ਦੀ ਭੀੜ ਤੋਂ ਰਾਹਤ ਮਿਲੇਗੀ। ਇਹ ਰਿੰਗ ਰੋਡ ਚੰਡੀਗੜ੍ਹ ਤੋਂ ਬਾਹਰ ਪੰਜਾਬ ਤੇ ਹਰਿਆਣਾ ਦੇ ਖੇਤਰ ’ਚੋਂ ਵੀ ਲੰਘੇਗੀ। ਇਸ ਰਿੰਗ ਰੋਡ ਵਾਸਤੇ ਪੰਜਾਬ ਤੇ ਹਰਿਆਣਾ ਨੇ ਵੀ ਸਹਿਮਤੀ ਦੇ ਦਿੱਤੀ ਹੈ। ਇਹ ਫੈਸਲਾ ਅੱਜ ਇੱਥੇ ਹਰਿਆਣਾ ਨਿਵਾਸ ਵਿੱਚ ‘ਚੰਡੀਗੜ੍ਹ ਖੇਤਰ ਦਾ ਸੰਗਠਿਤ ਵਿਕਾਸ ਅਤੇ ਯੋਜਨਾ’ ਬਾਰੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਅਧਿਕਾਰੀਆਂ ਦੀ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ।

ਸੂਤਰਾਂ ਮੁਤਾਬਕ ਪੰਚਕੂਲਾ ਦੇ ਸੈਕਟਰ-20 ਤੋਂ ਪੀਰਮੁਛੱਲਾ ਤੱਕ 700 ਮੀਟਰ ਲੰਬੀ ਸੜਕ ਦਾ ਨਿਰਮਾਣ ਕਰਨ ਵਾਸਤੇ ਪੰਜਾਬ ਅਤੇ ਹਰਿਆਣਾ ਨੇ ਹਾਮੀ ਭਰੀ ਹੈ। ਇਸ ਤੋਂ ਇਲਾਵਾ ਪੰਚਕੂਲਾ ਦੇ ਸੈਕਟਰ 25 ਤੇ 26 ਦੇ ਟਰੈਫਿਕ ਨੂੰ ਵੰਡਣ ਵਾਸਤੇ ਘੱਗਰ ਦਰਿਆ ’ਤੇ ਪੁਲ ਦਾ ਨਿਰਮਾਣ ਵੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਵਾਸਤੇ ਇਕ ਵੱਖਰਾ ਮਾਰਗ ਬਣਾਉਣ ਲਈ ਵੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚਕਾਰ ਸਹਿਮਤੀ ਬਣੀ ਹੈ। ਸੂਤਰਾਂ ਅਨੁਸਾਰ ਇਸ ਵੱਖਰੇ ਮਾਰਗ ਲਈ ਪਹਿਲਾਂ ਤਕਨੀਕੀ ਸਰਵੇਖਣ ਕਰਵਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਹੋਣ ਕਰਕੇ ਦੋਵਾਂ ਸੂਬਿਆਂ ’ਤੋ ਵੱਡੀ ਗਿਣਤੀ ਲੋਕ ਸੁੰਦਰ ਸ਼ਹਿਰ ਚੰਡੀਗੜ੍ਹ ਆਉਂਦੇ ਹਨ, ਜਿਸ ਕਰ ਕੇ ਚੰਡੀਗੜ੍ਹ ’ਚ ਟਰੈਫਿਕ ਇਕ ਵੱਡੀ ਸਮੱਸਿਆ ਬਣ ਕੇ ਉੱਭਰੀ ਹੈ। ਸੂਤਰਾਂ ਮੁਤਾਬਕ ਪੰਜਾਬ ਤੇ ਹਰਿਆਣਾ ਦੇ ਕਰੀਬ ਢੇਡ ਲੱਖ ਵਾਹਨ ਰੋਜ਼ਾਨਾ ਚੰਡੀਗੜ੍ਹ ’ਚ ਦਾਖ਼ਲ ਹੁੰਦੇ ਹਨ। ਰਿੰਗ ਰੋਡ ਦੇ ਨਿਰਮਾਣ ਨਾਲ ਪੰਜਾਬ ਤੇ ਹਰਿਆਣਾ ਦੇ ਵਾਹਨਾਂ ਨੂੰ ਸ਼ਹਿਰ ਵਿੱਚੋਂ ਨਹੀਂ ਗੁਜ਼ਰਨਾ ਪਏਗਾ।