ਲੁਧਿਆਣਾ: ਸਥਾਨਕ ਗਗਨਦੀਪ ਕਾਲੋਨੀ ਵਿੱਚ ਪਿਛਲੇ ਦਿਨੀਂ ਹੋਏ ਆਰ.ਐਸ.ਐਸ. ਆਗੂ ਰਵਿੰਦਰ ਗੁਸਾਈ ਦੇ ਕਤਲ ਮਾਮਲੇ ਦੀ ਜਾਂਚ ਹੁਣ ਐਨ.ਆਈ.ਏ. (ਕੌਮੀ ਜਾਂਚ ਏਜੰਸੀ) ਕਰੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮ੍ਰਿਤਕ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ ਤੇ ਇੱਕ ਵਿਅਕਤੀ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਮੁੱਖ ਮੰਤਰੀ ਨੇ ਐਸਆਈਟੀ ਦਾ ਗਠਨ ਵੀ ਕੀਤਾ ਸੀ। ਕਾਤਲਾਂ ਵੱਲੋਂ ਵਰਤੇ ਗਏ ਮੋਟਰਸਾਈਕਲ ਦੀ ਚੋਰੀ ਦੀ ਰਿਪੋਰਟ ਨਾ ਲਿਖਣ ਦੇ ਮਾਮਲੇ ਵਿੱਚ ਵੀ ਪੁਲਿਸ ਕਮਿਸ਼ਨਰ ਵੱਲੋਂ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਲੁਧਿਆਣਾ 'ਚ ਆਰਐਸਐਸ ਦੇ ਸੀਨੀਅਰ ਲੀਡਰ ਰਵਿੰਦਰ ਗੋਸਾਈਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਹਮਲਾਵਰਾਂ ਨੇ ਉਸ ਨੂੰ ਘਰ ਦੇ ਬਾਹਰ ਦੀ ਗੋਲੀਆਂ ਮਾਰ ਦਿੱਤੀਆਂ ਸਨ। ਗੋਲੀਆਂ ਵੱਜਣ ਤੋਂ ਬਾਅਦ ਰਵਿੰਦਰ ਦੀ ਮੌਤ ਮੌਕੇ 'ਤੇ ਹੀ ਹੋ ਗਈ ਸੀ। ਮ੍ਰਿਤਕ ਦੀ ਉਮਰ 60 ਸਾਲ ਦੇ ਕਰੀਬ ਹੈ ਤੇ ਉਹ ਲੰਮੇ ਸਮੇਂ ਤੋਂ ਆਰਐਸਐਸ ਨਾਲ ਜੁੜਿਆ ਹੋਇਆ ਸੀ।