ਖੰਨਾ ਪੁਲਿਸ ਥਾਣੇ 'ਚ ਹੰਗਾਮਾ , ਅਕਾਲੀ ਦਲ ਵੱਲੋਂ ਪੁਲਿਸ ਅਧਿਕਾਰੀਆਂ 'ਤੇ ਕਾਂਗਰਸ ਦੇ ਦਬਾਅ ਅਧੀਨ ਕੰਮ ਕਰਨ ਦਾ ਦੋਸ਼
ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਰੰਜਿਸ਼ ਨੂੰ ਲੈ ਕੇ ਤਣਾਅਪੂਰਨ ਮਾਹੌਲ ਵੀ ਵਧਦਾ ਜਾ ਰਿਹਾ ਹੈ। ਵਿਧਾਨ ਸਭਾ ਹਲਕਾ ਖੰਨਾ ਅੰਦਰ ਥਾਣੇ ਦੇ ਵਿੱਚ ਹੀ ਕਾਂਗਰਸੀ ਤੇ ਅਕਾਲੀ ਉਸ ਸਮੇਂ ਸਾਹਮੋ -ਸਾਹਮਣੇ ਹੋ ਗਏ
ਖੰਨਾ : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਰੰਜਿਸ਼ ਨੂੰ ਲੈ ਕੇ ਤਣਾਅਪੂਰਨ ਮਾਹੌਲ ਵੀ ਵਧਦਾ ਜਾ ਰਿਹਾ ਹੈ। ਵਿਧਾਨ ਸਭਾ ਹਲਕਾ ਖੰਨਾ ਅੰਦਰ ਥਾਣੇ ਦੇ ਵਿੱਚ ਹੀ ਕਾਂਗਰਸੀ ਤੇ ਅਕਾਲੀ ਉਸ ਸਮੇਂ ਸਾਹਮੋ -ਸਾਹਮਣੇ ਹੋ ਗਏ , ਜਦੋਂ ਅਕਾਲੀ ਦਲ ਵੱਲੋਂ ਪੁਲਿਸ ਅਧਿਕਾਰੀਆਂ ਉਪਰ ਕਾਂਗਰਸ ਦੇ ਦਬਾਅ ਅਧੀਨ ਕੰਮ ਕਰਨ ਦਾ ਦੋਸ਼ ਲਾਇਆ ਗਿਆ।
ਦਰਅਸਲ 'ਚ ਬੀਤੇ ਦਿਨੀਂ ਖੰਨਾ ਦੇ ਵਾਰਡ ਨੰਬਰ- 14 ਵਿਖੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦਾ ਵਿਰੋਧ ਕਰਨ ਵਾਲਿਆਂ 'ਚ ਸ਼ਾਮਲ ਤਿੰਨ ਅਧਿਆਪਕਾਂ ਦੇ ਖਿਲਾਫ ਦੋ ਕਾਂਗਰਸੀ ਕੌਂਸਲਰਾਂ ਨੇ ਸ਼ਿਕਾਇਤ ਦੇ ਕੇ ਥਾਣੇ ਸੱਦਿਆ। ਇਹਨਾਂ ਅਧਿਆਪਕਾਂ ਕੋਲੋਂ ਮੁਆਫੀਨਾਮਾ ਲਿਖਾਇਆ ਗਿਆ। ਵਾਰਡ ਨੰਬਰ 14 ਦੇ ਲੋਕਾਂ ਨੇ ਵੀ ਇਸਦਾ ਵਿਰੋਧ ਕੀਤਾ।
ਇਸ ਦੌਰਾਨ ਥਾਣਾ ਸਿਟੀ 2 ਦੇ ਐੱਸਐੱਚਓ ਵਿਨੋਦ ਕੁਮਾਰ ਤੇ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਵਿਚਕਾਰ ਤਿੱਖੀ ਬਹਿਸ ਵੀ ਹੋਈ। ਅਕਾਲੀ ਆਗੂ ਨੇ ਥਾਣਾ ਮੁਖੀ ਨੂੰ ਹਟਾਉਣ ਤੱਕ ਦੀ ਚੇਤਾਵਨੀ ਦਿੱਤੀ ਤਾਂ ਥਾਣਾ ਮੁਖੀ ਨੇ ਅਕਾਲੀ ਆਗੂ ਉਪਰ ਪਰਚਾ ਦਰਜ ਕਰਨ ਦੀ ਧਮਕੀ ਵੀ ਦਿੱਤੀ। ਦੂਜੇ ਪਾਸੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਜਾਣ ਬੁੱਝ ਕੇ ਮਾਮਲੇ ਨੂੰ ਤੂਲ ਦੇ ਰਿਹਾ ਹੈ। ਵਿਰੋਧ ਕਰਨ ਵਾਲਿਆਂ ਨੇ ਖੁਦ ਆਪਣੀ ਮਰਜੀ ਨਾਲ ਗਲਤੀ ਸਵੀਕਾਰ ਕੀਤੀ ਹੈ।