ਸੰਗਰੂਰ: ਸਿੱਖਿਆ ਨੂੰ ਲੈ ਕੇ ਹਰ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਰਹੀ ਹੈ। ਕੈਪਟਨ ਸਰਕਾਰ ਨੇ ਸਿੱਖਿਆ ਦੇ ਮਾਮਲੇ 'ਚ ਪੰਜਾਬ ਨੂੰ ਨੰਬਰ ਵਨ 'ਤੇ ਦਿਖਾਇਆ ਹੈ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸਿੱਖਿਆ ਨੂੰ ਲੈ ਕੇ ਦਿੱਲੀ ਮਾਡਲ ਦੀ ਗੱਲ ਕਰਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੋਵਾਂ ਸਰਕਾਰਾਂ ਦੀ ਮਿਸਾਲ ਦੇਵਾਂਗੇ। ਦੋਵਾਂ ਸਰਕਾਰਾਂ ਦਾ ਨਵਾਂ ਮਾਡਲ ਦਿਖਾਉਣ ਜਾ ਰਹੇ ਹਾਂ ਕਿਉਂਕਿ ਪਹਿਲਾਂ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਸਰਕਾਰ ਸੀ, ਹੁਣ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ।



ਇਹ ਤਸਵੀਰਾਂ ਸੰਗਰੂਰ ਦੇ ਪਿੰਡ ਲੇਹਲ ਖੁਰਦ ਦੀਆਂ ਹਨ, ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਲ੍ਹਾ ਹੈ। ਜਿੱਥੇ ਪਿੰਡ ਦੇ ਲੋਕਾਂ ਨੇ ਵਿੱਦਿਆ ਲਈ ਸਕੂਲ ਨੂੰ ਤਾਲਾ ਲਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਨੇੜੇ ਹੀ ਬਣੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਸਕੂਲ ਦੀਆਂ ਜਮਾਤਾਂ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਹੈ। ਉੱਥੇ ਹੀ ਪਿੰਡ ਵਾਸੀਆਂ ਦੀ ਕਾਰਗੁਜ਼ਾਰੀ ਆਪਣੇ ਆਪ ਵਿੱਚ ਵਿਲੱਖਣ ਹੈ ਤੇ ਸਿੱਖਿਆ ਦਾ ਦਿੱਲੀ ਮਾਡਲ ਪੇਸ਼ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸ਼ੀਸ਼ਾ ਦਿਖਾ ਰਹੇ ਹਨ।

ਦਰਅਸਲ 'ਚ 200 ਦੇ ਕਰੀਬ ਬੱਚੇ ਹਨ ਤੇ ਇੱਕ ਪ੍ਰਾਇਮਰੀ ਸਕੂਲ ਹੈ, ਜਿਸ ਵਿੱਚ 5 ਜਮਾਤਾਂ ਹਨ ਪਰ ਅਧਿਆਪਕ ਤਿੰਨ ਹਨ, ਜਿਨ੍ਹਾਂ ਵਿੱਚੋਂ ਇੱਕ ਹੈੱਡ ਟੀਚਰ ਹੈ, ਜੋ ਪਹਿਲਾਂ ਕਾਫੀ ਸਮੇਂ ਤੋਂ ਮੈਡੀਕਲ ਛੁੱਟੀ 'ਤੇ ਸੀ ਤੇ ਅਗਲੇ ਮਹੀਨੇ ਉਨ੍ਹਾਂ ਦੀ ਸੇਵਾਮੁਕਤੀ ਹੈ। ਪਿੰਡ ਦੇ ਲੋਕ ਕਹਿ ਰਹੇ ਹਨ ਕਿ 2 ਅਧਿਆਪਕ 200 ਬੱਚਿਆਂ ਨੂੰ ਕਿਵੇਂ ਪੜ੍ਹਾ ਸਕਦੇ ਹਨ, ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ। ਇਸ ਲਈ ਉਨ੍ਹਾਂ ਨੇ ਸਕੂਲ ਨੂੰ ਤਾਲਾ ਲਗਾ ਦਿੱਤਾ ਹੈ ਤੇ ਆਪਣੇ ਪਿੰਡ ਦੇ ਹੋਣਹਾਰ ਨੌਜਵਾਨ ਜਿਨ੍ਹਾਂ ਨੇ ਉੱਚ ਸਿੱਖਿਆ ਹਾਸਲ ਕੀਤੀ ਹੋਈ ਹੈ।

ਜਿਨ੍ਹਾਂ ਨੇ MA-B.Ed ਕੀਤੀ ਹੋਈ ਹੈ, ਉਨ੍ਹਾਂ ਨੂੰ ਬੱਚਿਆਂ ਦੇ ਪੜ੍ਹਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਿੰਡ ਦੇ ਲੋਕਾਂ ਦਾ ਤਰਕ ਹੈ ਕਿ ਅਸੀਂ ਸਕੂਲ ਨੂੰ ਤਾਲਾ ਲਗਾ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਇਸ ਲਈ ਕਲਾਸਾਂ ਲਗਾ ਰਹੇ ਹਾਂ ਕਿਉਂਕਿ ਜਦੋਂ ਸਰਕਾਰ ਕੋਲ ਅਧਿਆਪਕ ਨਹੀਂ ਹਨ ਤੇ ਸਾਡੇ ਬੱਚਿਆਂ ਨੂੰ ਅਸੀਂ ਆਪ ਹੀ ਪੜ੍ਹਾਉਣਾ ਹੈ ਤਾਂ ਫਿਰ ਅਸੀਂ ਸਰਕਾਰੀ ਇਮਾਰਤ ਵਿੱਚ ਕਿਉਂ ਪੜ੍ਹਾਈਏ।

ਉਨ੍ਹਾਂ ਸਪਸ਼ਟ ਕਿਹਾ ਕਿ ਜਦੋਂ ਤੱਕ ਜਦੋਂ ਤੱਕ ਸਾਡੇ ਸਕੂਲ ਵਿੱਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਨਹੀਂ ਕੀਤਾ ਜਾਂਦਾ, ਤਦ ਤੱਕ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਸ ਨੂੰ ਹੋਰ ਤਿੱਖਾ ਕਰਾਂਗੇ। ਲੋਕਾਂ ਦਾ ਕਹਿਣਾ ਹੈ ਕਿ ਦਿੱਲੀ ਮਾਡਲ ਲਿਆਉਣ ਵਾਲੀ ਆਪ ਸਰਕਾਰ ਦੇ ਮੁੱਖ ਮੰਤਰੀ ਦੇ ਆਪਣੇ ਜ਼ਿਲੇ ਦੀ ਇਹ ਹਾਲਤ ਹੈ, ਜੋ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ।

ਬੱਚਿਆਂ ਦਾ ਖਾਣਾ-ਪੀਣਾ ਗੁਰਦੁਆਰਾ ਸਾਹਿਬ ਵਿੱਚ ਹੀ ਹੋ ਰਿਹਾ ਹੈ, ਸਕੂਲ ਦੇ ਕਲਾਸ ਰੂਮ ਨੂੰ ਤਾਲਾ ਲੱਗਿਆ ਹੋਇਆ ਹੈ, ਜਿਸ ਵਿੱਚ ਦੋ ਅਧਿਆਪਕ ਮੁੱਖ ਅਧਿਆਪਕ ਮੌਜੂਦ ਹੈ। ਉਨ੍ਹਾਂ ਨੂੰ ਪਿੰਡ ਵਾਸੀ ਬੱਚਿਆਂ ਨੂੰ ਪੜ੍ਹਾਉਣ ਨਹੀਂ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਤੌਰ 'ਤੇ ਪੜ੍ਹਾਂਗੇ, ਜਦਕਿ ਸਕੂਲ ਦੇ ਮੁੱਖ ਅਧਿਆਪਕ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਦੀ ਇਹ ਮੰਗ ਜਾਇਜ਼ ਹੈ।