ਮੁਗਲ ਕਾਲ ਦੌਰਾਨ ਇਮਾਰਤ ਕਲਾ ਦਾ ਬਹੁਤ ਵਿਕਾਸ ਹੋਇਆ। ਖਾਸਕਰ ਸ਼ਾਹਜਹਾਂ ਦੇ ਸਮੇਂ ਇਮਾਰਤ ਕਲਾ ਸਿਖਰ 'ਤੇ ਸੀ। ਇਸੇ ਦੌਰਾਨ ਸੰਸਾਰ ਪ੍ਰਸਿੱਧ ਇਮਾਰਤਾਂ ਦਾ ਨਿਰਮਾਣ ਹੋਇਆ ਜਿਨ੍ਹਾਂ ਵਿੱਚੋਂ ਤਾਜ ਮਹਿਲ ਵੀ ਇੱਕ ਸੀ ਜੋ ਦੁਨੀਆ ਦੇ ਸੱਤ ਅਜੂਬਿਆਂ ਵਿੱਚ ਸ਼ੁਮਾਰ ਰਿਹਾ।


ਇਸੇ ਕਾਲ ਦੌਰਾਨ ਹੀ ਸਰਾਏ ਇਮਾਨਤ ਖਾਂ ਤਿਆਰ ਕਰਵਾਈ ਗਈ, ਜਿਸ ਨੂੰ ਮੀਨਾਕਾਰੀ ਕਰਕੇ ਤਾਜ ਮਹਿਲ ਦੀ ਤਰ੍ਹਾ ਹੀ ਸਜਾਇਆ ਗਿਆ। ਸਰਾਏ ਅਮਾਨਤ ਖਾਂ ਜ਼ਿਲ੍ਹਾ ਤਰਨ ਤਾਰਨ ਤੋਂ 24 ਕਿਮੀ ਦੂਰ ਅਟਾਰੀ ਰੋਡ 'ਤੇ ਸਥਿਤ ਹੈ। ਇਰਾਨ ਦੇ ਰਹਿਣ ਵਾਲੇ ਅਮਾਨਤ ਖਾਂ ਦਾ ਅਸਲ ਨਾਂ ਅਬਦੁੱਲ ਹੱਕ ਸੀ ਜੋ 1609 ਈਸਵੀ ‘ਚ ਜਹਾਂਗੀਰ ਦੇ ਸਮੇਂ ਭਾਰਤ ਆਇਆ।


ਅਮਾਨਤ ਖਾਂ ਬਾਦਸ਼ਾਹ ਜਹਾਂਗੀਰ ਦੇ ਦੀਵਾਨ ਅਫਜਲ ਖਾਨ ਦਾ ਭਰਾ ਸੀ। ਮੁਗਲ ਬਾਦਸ਼ਾਹ ਸ਼ਾਹਜਹਾਂ ਵੱਲੋਂ ਆਪਣੀ ਬੇਗਮ ਨੂਰ ਜਹਾਂ ਦੀ ਯਾਦ ‘ਚ ਜੋ ਤਾਜ ਮਹਿਲ ਬਣਾਇਆ ਗਿਆ, ਉਸ ਵਿੱਚ ਕੁਰਾਨ ਦੀਆਂ ਆਇਤਾਂ ਅਮਾਨਤ ਖਾਂ ਪਾਸੋਂ ਹੀ ਲਿਖਵਾਈਆਂ ਗਈਆਂ। ਉਸ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਹੀ ਮੁਗਲ ਬਾਦਸ਼ਾਹ ਨੇ ਅੱਬਦੁੱਲ ਹੱਕ ਨੂੰ ਅਮਾਨਤ ਖਾਂ ਦਾ ਦਰਜਾ ਦਿੱਤਾ ਸੀ ਤੇ ਇਸ ਨਗਰ ਦੀ ਜ਼ਮੀਨ ਵੀ ਇਨਾਮ ਵਜੋਂ ਬਖਸ਼ੀ ਸੀ।


ਕਾਬਲ ਕੰਧਾਰ ਦੇ ਵਪਾਰੀ ਸੁੱਕੇ ਮੇਵਿਆਂ ਦਾ ਵਪਾਰ ਕਰਨ ਲਈ ਸਰਾਏ ਅਮਾਨਤ ਖਾਂ ਆਉਂਦੇ ਸਨ। ਸਰਾਂ ਦੇ ਬਾਹਰ ਊਠਾਂ, ਘੋੜਿਆਂ ਦੀ ਜਿੱਥੇ ਮੰਡੀ ਲੱਗਦੀ ਸੀ, ਉੱਥੇ ਹੀ ਸਰਾਂ ‘ਚ ਊਠਾਂ ਘੋੜਿਆਂ ਦੇ ਰਹਿਣ ਦਾ ਵੀ ਖਾਸ ਪ੍ਰਬੰਧ ਸੀ।


ਸਮਕਾਲੀ ਪ੍ਰਸਿਧ ਲੇਖਕ ਚੰਦਰ ਭਾਨ ਬ੍ਰਹਮਣ ਅਨੁਸਾਰ ਆਪਣੇ ਭਰਾ ਦੀ ਮੌਤ ਤੋਂ ਬਾਅਦ ਅਮਾਨਤ ਖਾਂ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਸੇਵਾ ਮੁਕਤ ਹੋ ਆਪਣਾ ਵੱਖਰਾ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ। 1640 ਈ ‘ਚ ਅਮਾਨਤ ਖਾਂ ਨੇ ਜਿੱਥੇ ਜਗੀਰ ਮਿਲਣ 'ਤੇ ਸਰਾਂ ਦਾ ਨਿਰਮਾਣ ਕਰਵਾਇਆ, ਉੱਥੇ ਕਮਰਿਆਂ ਤੋਂ ਇਲਾਵਾ ਬਾਰਾਦਰੀ ਤੇ ਮਸਜ਼ਿਦ ਵੀ ਤਿਆਰ ਕਰਵਾਈ ਕਿਉਂਕਿ ਮੁਗਲ ਕਾਲ ਦੌਰਾਨ ਜਿੱਥੇ ਸਰਾਂ ਬਣਾਈ ਜਾਂਦੀ, ਉੱਥੇ ਮਸਜ਼ਿਦ ਦਾ ਬਣਾਉਣਾ ਲਾਜ਼ਮੀ ਸੀ।


ਸਰਾਏ ਅਮਾਨਤ ਖਾਂ ਦੇ ਨਿਰਮਾਣ ਸਮੇਂ ਜੋ ਦੋ ਦਰਵਾਜ਼ੇ ਤਿਆਰ ਕਰਵਾਏ ਗਏ, ਇਨ੍ਹਾਂ ਵਿੱਚੋਂ ਇੱਕ ਦਰਵਾਜ਼ੇ ਦਾ ਨਾਂ ਦਿੱਲੀ ਦਰਵਾਜ਼ਾ ਤੇ ਦੂਜੇ ਦਾ ਨਾਂ ਲਾਹੌਰ ਦਰਵਾਜ਼ਾ ਹੈ। ਮਸਜ਼ਿਦ ਤੇ ਦੋਹਾਂ ਦਰਵਾਜ਼ਿਆਂ ਤੇ ਕੁਰਾਨ ਦੀਆਂ ਆਇਤਾਂ ਉਕਰੀਆਂ ਹੋਈਆਂ ਸਨ ਤੇ ਮੀਨਾਕਾਰੀ ਹੋਈ ਸੀ। ਆਇਤਾਂ ਤਾਂ ਭਾਵੇਂ ਨਹੀਂ ਪਰ ਮੀਨਾਕਾਰੀ ਦੇ ਕੁਝ ਅੰਸ਼ ਅੱਜ ਵੀ ਧੁੰਦਲੇ ਜਿਹੇ ਨਜ਼ਰ ਆਉਂਦੇ ਹਨ। ਦੇਸ਼ ਦੀ ਵੰਡ ਤੋਂ ਪਹਿਲਾਂ ਸਰਾਏ ਅਮਾਨਤ ਖਾਂ ਦਾ ਵਿਹੜਾ ਵਪਾਰਕ ਕੇਂਦਰ ਵਜੋਂ ਕੰਮ ਕਰਦਾ ਸੀ।


ਸਰਾਏ ਅਮਾਨਤ ਖਾਂ ਦੇ ਨਿਰਮਾਣ ਸਮੇਂ ਜੋ ਮਸੀਤ ਤਿਆਰ ਕੀਤੀ ਗਈ ਸੀ, ਉਹ ਅੱਜ ਵੀ ਚੰਗੀ ਹਾਲਤ ‘ਚ ਮੌਜੂਦ ਹੈ। ਮਸੀਤ ਦੇ ਬਾਹਰ ਖੂਹੀ ਹੈ, ਜਿਸ ਨੂੰ ਹੁਣ ਪੂਰ ਦਿੱਤਾ ਗਿਆ ਹੈ ਪਰ ਖੂਹੀ ਦੀ ਖੁਬਸੂਰਤੀ ਨੂੰ ਮੁਰੰਮਤ ਸਮੇਂ ਕਾਇਮ ਰੱਖਿਆ ਗਿਆ ਹੈ। ਇਸੇ ਖੂਹੀ ‘ਚ ਇਸ਼ਨਾਨ ਕਰਕੇ ਯਾਤਰੂ ਮੰਦਰ ਤੇ ਮਸੀਤ ‘ਚ ਜਾਂਦੇ ਸਨ। ਇਸ ਤੋਂ ਇਲਾਵਾ ਸਰਾਏਂ ਅਮਾਨਤ ਖਾਂ ਦੇ ਨਾਲ ਇੱਕ ਹੋਰ ਅਹਿਮ ਇਤਿਹਾਸਕ ਪੱਖ ਜੁੜਦਾ ਹੈ।


ਦਿੱਲ਼ੀ ਦਰਵਾਜ਼ੇ ਤੇ ਨਿਗ੍ਹਾ ਮਾਰਦਿਆਂ ਅੱਜ ਵੀ ਮੀਨਾਕਾਰੀ ਦੇ ਧੁੰਦਲੇ ਜਿਹੇ ਨਿਸ਼ਾਨ ਦਿੱਸਦੇ ਹਨ। ਅੰਦਰ ਵੜਦਿਆਂ ਹੀ ਦੋਵੇਂ ਦਰਵਾਜ਼ਿਆਂ ਦੇ ਦੋਵੇਂ ਪਾਸੇ ਦੋ-ਦੋ ਮੁਸਾਫਿਰਖਾਨੇ ਬਣੇ ਹਨ। ਬਜ਼ਾਰ 20 ਫੁੱਟ ਚੌੜਾ ਤੇ ਦੋਵੇਂ ਪਾਸੇ ਮੁੱਖ ਦਰਵਾਜ਼ੇ ਹੋਣ ਕਰਕੇ ਚੱਲਦੀ ਠੰਢੀ ਹਵਾ ਏਸੀ ਨੂੰ ਵੀ ਮਾਤ ਪਾਉਂਦੀ ਹੈ। ਮੁਗਲ ਕਾਲ ਸਮੇਂ ਇੱਥੇ ਬਹੁਤ ਰੌਣਕ ਸੀ, ਦੁਕਾਨਾਂ ਸਜਦੀਆਂ ਸਨ। ਹੁਣ ਇਨ੍ਹਾਂ ਥਾਵਾਂ ਉੱਪਰ ਨਾਜਾਇਜ਼ ਕਬਜ਼ੇ ਹੋ ਚੁੱਕੇ ਹਨ ਜੋ ਛੱਡਣ ਤੋਂ ਇਨਕਾਰੀ ਹਨ।


ਦਿੱਲੀ ਦਰਵਾਜੇ ਦਾ ਢੱਠਾ ਮਿਨਾਰ ਬਣਾਉਣ ਤੇ ਦਿੱਲੀ ਲਾਹੌਰ ਦਰਵਾਜ਼ੇ ‘ਚ ਸੁਧਾਰ ਕਰਕੇ ਮੀਨਾਕਾਰੀ ‘ਚ ਧੁੰਦਲੇ ਪਏ ਨਕਸ਼ਾਂ ਨੂੰ ਉਜਾਗਰ ਕਰਨ ਦੀ ਲੋੜ ਹੈ। ਸਰਾਂ ਦੇ ਦਰਵਾਜ਼ਿਆਂ ਦੀਆਂ ਛੱਤਾਂ ਡਾਟ ਦੀਆਂ ਬਣੀਆਂ ਹੋਈਆਂ ਹਨ, ਜੋ ਬਹੁਤ ਹੀ ਜ਼ਿਆਦਾ ਮਜ਼ਬੂਤ ਹਨ। ਇਨ੍ਹਾਂ ਉੱਪਰ ਜਾਣ ਲਈ ਖਾਸ ਤੌਰ ਤੇ ਪੌੜੀਆਂ ਵੀ ਬਣਾਈਆਂ ਗਈਆਂ ਹਨ।  


ਸਰਾਏ ਅਮਾਨਤ ਖਾਂ ਦੀ ਸਾਂਭ-ਸੰਭਾਲ ਹੁਣ ਪੁਰਾਤੱਤਵ ਵਿਭਾਗ ਕਰ ਰਿਹਾ ਹੈ। ਪਿੰਡ ਦੇ ਲੋਕਾਂ ਦੇ ਦੱਸਣ ਅਨੁਸਾਰ ਸਰਾਂ ਦੇ ਸੁਧਾਰ ਲਈ ਕਰੋੜਾਂ ਰੁਪਏ ਦੀ ਰਕਮ ਵੀ ਪ੍ਰਾਪਤ ਹੋਈ ਹੈ। ਜਦੋਂ ਸਰਾਂ ਅੰਦਰਲੀ ਸਥਿਤੀ ਵੇਖੀਏ ਤਾਂ ਮੁਰੰਮਤ ਕਰਕੇ ਇਸ ਵਿਰਾਸਤੀ ਇਮਾਰਤ ਦਾ ਸੁਧਾਰ ਹੋਇਆ ਵੀ ਨਜ਼ਰੀ ਪੈਂਦਾ ਹੈ। ਬੇਸ਼ੱਕ ਕਈ ਲੋਕਾਂ ਵੱਲੋਂ ਇਸ ਅਮੀਰ ਵਿਰਾਸਤ ਤੇ ਕਬਜ਼ੇ ਵੀ ਕੀਤੇ ਗਏ ਹਨ ਪਰ ਹੁਣ ਪਿੰਡ ਦੀ ਪੰਚਾਇਤ ਵੀ ਇਸ ਪ੍ਰਤੀ ਸਖਤੀ ਦੇ ਰੌਅ ‘ਚ ਹੈ।


ਨੌਜਵਾਨ ਵਰਗ ਦਾ ਇਹ ਰੋਸ ਹੈ ਕਿ ਵਾਹਗਾ ਬਾਰਡਰ ਬਿਲਕੁੱਲ ਨਜ਼ਦੀਕ ਹੋਣ ਦੇ ਬਾਵਜੂਦ ਵੀ ਟੂਰਿਜ਼ਮ ਵਿਭਾਗ ਨੇ ਇਸ ਇਲਾਕੇ ਨੂੰ ਅਣਦੇਖਿਆ ਕੀਤਾ ਹੈ। ਕਿਹਾ ਜਾਂਦਾ ਹੈ ਕਿ ਮੁਗਲ ਕਾਲ ਦੌਰਾਨ ਸਰਾਂ ਦੇ ਦਰਵਾਜ਼ੇ 8 ਵਜੇ ਬੰਦ ਕਰ ਦਿੱਤੇ ਜਾਂਦੇ ਸਨ ਤੇ ਸਵੇਰੇ 5 ਵਜੇ ਖੋਲ੍ਹੇ ਜਾਂਦੇ ਸਨ। ਹੁਣ ਹਰ ਵੇਲੇ ਇਸ ਸਰਾਂ ਨੂੰ ਵੇਖਿਆ ਜਾ ਸਕਦਾ ਹੈ। ਸਰਾਏ ਅਮਾਨਤ ਖਾਂ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਬਲਾਕ ਗੰਡੀਵਿੰਡ ‘ਚ ਆਉਂਦਾ ਹੈ ਜਿਸ ਦੀ ਸਬ ਤਹਿਸੀਲ਼ ਝਬਾਲ ਪੈਂਦੀ ਹੈ। ਅੰਮ੍ਰਿਤਸਰ ਤੋ ਸਰਾਏ ਅਮਾਨਤ ਖਾਂ ਆਉਣ ਲਈ 30 ਕਿਲੋਮੀਟਰ ਦਾ ਫਾਸਲਾ ਤੈਅ ਕਰਨਾ ਪੈਂਦਾ ਹੈ।