ਚੰਡੀਗੜ੍ਹ: ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਬੀਤੇ ਦਿਨੀਂ ਗੁੜਗਾਓਂ ਦੇ ਸਕੂਲੀ ਬੱਚੇ ਦੀ ਹੱਤਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਪੱਤਰ ਜਾਰੀ ਕਰਕੇ ਸੂਬੇ ਵਿੱਚ ਪੈਂਦੇ ਸਾਰੇ ਸਕੂਲਾਂ ਨੂੰ ਸਮੇਂ-ਸਮੇਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਇਨ-ਬਿਨ ਪਾਲਣਾ ਨੂੰ ਯਕੀਨੀ ਬਣਾਉਣ ਬਾਰੇ ਕਿਹਾ ਹੈ।


ਇਸ ਸਬੰਧੀ ਪੰਜਾਬ ਸਰਕਾਰ, ਸਿੱਖਿਆ ਵਿਭਾਗ, ਸੀ.ਬੀ.ਐਸ.ਈ., ਉੱਚ ਪੁਲਿਸ ਅਧਿਕਾਰੀਆਂ, ਡਿਪਟੀ ਕਮਿਸ਼ਨਰਾਂ ਤੇ ਵੱਖ-ਵੱਖ ਅਦਾਰਿਆਂ ਨੂੰ ਜਾਰੀ ਪੱਤਰ ਦਾ ਹਵਾਲਾ ਦਿੰਦਿਆਂ ਕਮਿਸ਼ਨ ਦੇ ਚੇਅਰਮੈਨ ਸੁਕੇਸ਼ ਕਾਲੀਆ ਨੇ ਦੱਸਿਆ ਕਿ ਉਪਰੋਕਤ ਧਿਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਕੂਲ ਵਿੱਚ ਕੰਮ ਕਰਨ ਵਾਲੇ ਹਰਕੇ ਅਧਿਆਪਕ, ਅਟੈਂਡੈਂਟ, ਚਪੜਾਸੀ, ਡਰਾਈਵਰ, ਕੰਡਕਟਰ ਤੇ ਹੋਰ ਸਟਾਫ ਦੀ ਭਰਤੀ ਕਰਨ ਤੋਂ ਪਹਿਲਾਂ ਸਾਰਿਆਂ ਦੀ ਪੁਲਿਸ ਕਰੈਕਟਰ ਵੈਰੀਫਿਕੇਸ਼ਨ ਕਰਵਾਉਣੀ ਯਕੀਨੀ ਬਣਾਈ ਜਾਵੇ। ਜਿਹੜੇ ਵਾਹਨ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਆਪਣੇ ਪੱਧਰ 'ਤੇ ਵਿਦਿਆਰਥੀਆਂ ਨੂੰ ਸਕੂਲ ਲੈ ਕੇ ਜਾਂਦੇ ਹਨ, ਉਨ੍ਹਾਂ ਦੇ ਸਟਾਫ ਦੀ ਵੀ ਵੈਰੀਫਿਕੇਸ਼ਨ ਕਰਵਾਉਣੀ ਯਕੀਨੀ ਬਣਾਈ ਜਾਵੇ।

ਉਨ੍ਹਾਂ ਕਿਹਾ ਕਿ ਹਰੇਕ ਸਕੂਲ ਵਿੱਚ ਲੜਕਿਆਂ ਤੇ ਲੜਕੀਆਂ ਲਈ ਵੱਖਰੇ ਪਖਾਨੇ ਤੇ ਪਾਣੀ ਪੀਣ ਦੀ ਸਹੂਲਤ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਅਧਿਆਪਕਾਂ ਤੇ ਹੋਰ ਸਟਾਫ ਲਈ ਇਹ ਪ੍ਰਬੰਧ ਵੱਖਰੇ ਤੌਰ 'ਤੇ ਕੀਤੇ ਜਾਣ। ਵਿਦਿਆਰਥੀਆਂ ਦੀ ਸਕੂਲ ਵਿੱਚ ਮੌਜੂਦਗੀ ਤੇ ਸਕੂਲ ਵਾਹਨਾਂ ਵਿੱਚ ਸਫਰ ਦੌਰਾਨ ਹਿਫਾਜ਼ਤ ਦੀ ਮੁਕੰਮਲ ਜ਼ਿੰਮੇਵਾਰੀ ਸਕੂਲ ਪ੍ਰਿੰਸੀਪਲ ਜਾਂ ਸਕੂਲ ਮੁਖੀ ਦੀ ਹੋਵੇਗੀ। ਸਕੂਲ ਵਿੱਚ ਆਉਣ ਜਾਣ ਵਾਲੇ ਹਰੇਕ ਵਿਅਕਤੀ ਦਾ ਬਕਾਇਦਾ ਰਿਕਾਰਡ ਮੇਨਟੇਂਨ ਕੀਤਾ ਜਾਵੇ। ਸਕੂਲ ਸਮੇਂ ਦੌਰਾਨ ਸਕੂਲ ਵਾਹਨਾਂ ਦੇ ਡਰਾਈਵਰ, ਕੰਡਕਟਰ ਤੇ ਹੋਰ ਗੈਰ-ਅਧਿਆਪਕ ਮਰਦ ਸਟਾਫ ਨੂੰ ਸਕੂਲ ਵਿੱਚ ਬੇਲੋੜਾ ਪ੍ਰਵੇਸ਼ ਦੀ ਮਨਾਹੀ ਰੱਖੀ ਜਾਵੇ।

ਉਨ੍ਹਾਂ ਕਿਹਾ ਕਿ ਸਕੂਲ ਦੇ ਹਰ ਮਹੱਤਵਪੂਰਨ ਕੋਨੇ ਤੇ ਉਹ ਹਰ ਸਥਾਨ ਜਿੱਥੇ ਵਿਦਿਆਰਥੀਆਂ ਦੀ ਆਵਾਜਾਈ ਹੈ ਉੱਥੇ ਸੀ.ਸੀ.ਟੀ.ਵੀ. ਕੈਮਰੇ ਲੱਗੇ ਅਤੇ ਚਲਦੇ ਹੋਣੇ ਜ਼ਰੂਰੀ ਹਨ। ਵਾਹਨ ਚਾਲਕਾਂ ਦੇ ਬੈਠਣ ਅਤੇ ਕੰਮ ਕਰਨ ਨਾਲ ਸਬੰਧਤ ਖੇਤਰ ਤੈਅ ਹੋਣਾ ਚਾਹੀਦਾ ਹੈ। ਸਕੂਲ ਦੇ ਜੂਨੀਅਰ ਵਿੰਗ ਵਿੱਚ ਸਿਰਫ ਔਰਤ ਸਫਾਈ ਕਰਮਚਾਰਨਾਂ ਅਤੇ ਅਟੈਂਡੈਂਟ ਤਾਇਨਾਤ ਹੋਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਦਾ ਡਿਊਟੀ ਸਮਾਂ ਬਕਾਇਦਾ ਰਜਿਸਟਰ ਉੱਤੇ ਦਰਜ ਹੋਣਾ ਚਾਹੀਦਾ ਹੈ। ਜੇਕਰ ਸਕੂਲ ਬੱਸ ਦੇ ਵਿੱਚ ਇੱਕ ਵੀ ਵਿਦਿਆਰਥਣ ਸਫਰ ਕਰਦੀ ਹੈ ਤਾਂ ਉਸ ਸਕੂਲ ਵਾਹਨ ਵਿੱਚ ਔਰਤ ਅਟੈਂਡੈਂਟ ਦਾ ਹੋਣਾ ਵੀ ਜ਼ਰੂਰੀ ਹੈ।