SDM 'ਤੇ ਸੰਦੀਪ ਸੰਧੂ ਦੀ ਮਦਦ ਕਰਨ ਦੇ ਇਲਜ਼ਾਮ, ਡੀਸੀ ਲੁਧਿਆਣਾ 24 ਘੰਟੇ 'ਚ ਦੇਣਗੇ ਰਿਪੋਰਟ
ਲੋਕ ਇਨਸਾਫ ਪਾਰਟੀ ਦੇ ਨੁਮਾਇੰਦੇ ਸਿਮਰਜੀਤ ਬੈਂਸ ਨੇ ਐਸਡੀਐਮ ਜਗਰਾਓਂ ਬਲਵਿੰਦਰ ਸਿੰਘ ਢਿੱਲੋਂ 'ਤੇ ਇਲਜ਼ਾਮ ਲਾਏ ਕਿ ਹੜ੍ਹ ਪੀੜਤ ਪਿੰਡਾਂ ਵਿੱਚ ਜਾ ਕੇ ਐਸਡੀਐਮ ਵੱਲੋਂ ਬਿਆਨ ਦਿੱਤੇ ਜਾ ਰਹੇ ਹਨ ਕਿ ਜੇ ਪਿੰਡਾਂ ਨੂੰ ਪੈਸੇ ਚਾਹੀਦੇ ਹਨ ਤਾਂ ਕਾਂਗਰਸ ਦੀ ਸਪੋਰਟ ਕੀਤੀ ਜਾਵੇ।

ਚੰਡੀਗੜ੍ਹ: ਇੱਕ ਐਸਡੀਐਮ 'ਤੇ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਤੇ ਕੈਪਟਨ ਦੇ ਖਾਸ-ਮ-ਖਾਸ ਕੈਪਟਨ ਸੰਦੀਪ ਸੰਧੂ ਦੀ ਮਦਦ ਕਰਨ ਦੇ ਇਲਜ਼ਾਮ ਲੱਗੇ ਹਨ। ਇਲਜ਼ਾਮ ਹੈ ਕਿ ਉਹ ਹੜ੍ਹ ਪੀੜਤ ਲੋਕਾਂ ਨੂੰ ਵਰਗਲਾ ਕੇ ਕਾਂਗਰਸ ਦੇ ਹਮਾਇਤੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਲੋਕ ਇਨਸਾਫ ਪਾਰਟੀ ਦੇ ਨੁਮਾਇੰਦੇ ਸਿਮਰਜੀਤ ਬੈਂਸ ਨੇ ਐਸਡੀਐਮ ਜਗਰਾਓਂ ਬਲਵਿੰਦਰ ਸਿੰਘ ਢਿੱਲੋਂ 'ਤੇ ਇਲਜ਼ਾਮ ਲਾਏ ਕਿ ਹੜ੍ਹ ਪੀੜਤ ਪਿੰਡਾਂ ਵਿੱਚ ਜਾ ਕੇ ਐਸਡੀਐਮ ਵੱਲੋਂ ਬਿਆਨ ਦਿੱਤੇ ਜਾ ਰਹੇ ਹਨ ਕਿ ਜੇ ਪਿੰਡਾਂ ਨੂੰ ਪੈਸੇ ਚਾਹੀਦੇ ਹਨ ਤਾਂ ਕਾਂਗਰਸ ਦੀ ਸਪੋਰਟ ਕੀਤੀ ਜਾਵੇ।
ਬੈਂਸ ਨੇ ਚੀਫ ਇਲੈਕਟ੍ਰੋਲ ਅਫਸਰ ਪੰਜਾਬ ਡਾ. ਐਸ ਕਰਨਾ ਰਾਜੂ ਨੂੰ ਮਾਮਲੇ ਦੀ ਸ਼ਿਕਾਇਤ ਦੇ ਦਿੱਤੀ ਹੈ। ਚੋਣ ਕਮਿਸ਼ਨ ਨੇ ਸ਼ਿਕਾਇਤ ਮਿਲਦਿਆਂ ਹੀ ਇਸ 'ਤੇ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਉਨ੍ਹਾਂ ਡੀਸੀ ਲੁਧਿਆਣਾ ਨੂੰ ਅਗਲੇ 24 ਘੰਟਿਆਂ ਦੇ ਅੰਦਰ ਇਸ ਦੀ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।