ਜਲੰਧਰ: ਵਿਜੀਲੈਂਸ ਦੀ ਟੀਮ ਨੇ ਮੰਗਲਵਾਰ ਸ਼ਾਮ ਜਲੰਧਰ ਡੈਵਲਪਮੈਂਟ ਅਥਾਰਿਟੀ ਦੇ ਐਸਡੀਓ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ। ਅਧਿਕਾਰੀ ਨੇ ਇੱਕ ਨੋਟਿਸ ਨੂੰ ਖੁਰਦ ਬੁਰਦ ਕਰਨ ਲਈ 50 ਹਜ਼ਾਰ ਰੁਪਏ ਮੰਗੇ ਸੀ।
ਜਲੰਧਰ ਦੇ ਚਹੇੜੂ ਇਲਾਕੇ ਦੇ ਇੱਕ ਬਿਲਡਰ ਬਿਸ਼ਨ ਪਾਲ ਨੇ ਪੀਜੀ ਬਣਵਾਉਣਾ ਸੀ। ਉਸ ਦੀ ਜ਼ਮੀਨ ਸੱਤ ਮਰਲੇ ਸੀ। ਕਾਨੂੰਨਨ ਨੈਸ਼ਨਲ ਹਾਈਵੇ ਕੋਲ ਸੱਤ ਮਰਲੇ ਜ਼ਮੀਨ ਦਾ ਚੇਂਜ ਆਫ ਲੈਂਡ ਯੂਜ਼ ਨਹੀਂ ਹੋ ਸਕਦਾ। ਇਸ ਲਈ ਜਲੰਧਰ ਡੈਵਲਪਮੈਂਟ ਅਥਾਰਿਟੀ ਵਲੋਂ ਬਿਲਡਰ ਨੂੰ ਨੋਟਿਸ ਭੇਜਿਆ ਗਿਆ ਸੀ।
ਮੁਲਜ਼ਮ ਐੱਸ.ਡੀ.ਓ. ਨੇ ਬਿਲਡਰ ਤੋਂ ਇਹ ਨੋਟਿਸ ਖੁਰਦ-ਬੁਰਦ ਕਰਨ ਲਈ 50 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ। ਅਖੀਰ ਸੌਦਾ 30 ਹਜ਼ਾਰ ਰੁਪਏ 'ਚ ਤੈਅ ਹੋਇਆ। ਅੱਜ ਵਿਜੀਲੈਂਸ ਦੀ ਟੀਮ ਨੇ ਬਿਲਡਰ ਤੋਂ 30 ਹਜ਼ਾਰ ਰੁਪਏ ਲੈਂਦੇ ਐੱਸ.ਡੀ.ਓ. ਅਸ਼ੋਕ ਕੁਮਾਰ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ।
ਵਿਜੀਲੈਂਸ ਦੀ ਜਲੰਧਰ ਰੇਂਜ ਦੇ ਐੱਸ.ਐੱਸ.ਪੀ. ਦਿਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਨੋਟਿਸ ਰੱਦ ਨਹੀਂ ਹੋ ਸਕਦੇ। ਅਜਿਹੇ ਨੋਟਿਸ ਕੁਝ ਹੋਰ ਲੋਕਾਂ ਨੂੰ ਵੀ ਭੇਜੇ ਗਏ ਹਨ। ਇਸ ਲਈ ਉਹ ਵੀ ਅਜਿਹੇ ਚੱਕਰਾਂ ਵਿਚ ਨਾ ਫਸਣ। ਮੁਲਜ਼ਮ ਐੱਸ.ਡੀ.ਓ. ਨੂੰ ਕੱਲ੍ਹ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।