ਜਲੰਧਰ: ਪੰਜਾਬ ਸਰਕਾਰ ਵੱਲੋਂ ਨਸ਼ਿਆਂ 'ਤੇ ਕੰਟਰੋਲ ਕਰਨ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨਾਲ ਬੀਐਸਐਫ ਨੂੰ ਵੀ ਮਦਦ ਮਿਲੀ ਹੈ। ਐਸਟੀਐਫ ਦੀ ਗੁਪਤ ਸੂਚਨਾ 'ਤੇ ਨਸ਼ਾ ਵੀ ਜ਼ਿਆਦਾ ਫੜਿਆ ਜਾ ਰਿਹਾ ਹੈ। ਇਹ ਦਾਅਵਾ ਬੀਐਸਐਫ ਦੇ ਪੰਜਾਬ ਫ਼ਰੰਟੀਅਰ ਦੇ ਆਈਜੀ ਮੁਕੁਲ ਗੋਇਲ ਨੇ ਕੀਤਾ ਹੈ।
ਆਈਜੀ ਮੁਕੁਲ ਗੋਇਲ ਨੇ ਕਿਹਾ ਕਿ ਸਟੇਟ ਪੁਲਿਸ ਕੋਲ ਆਪਣਾ ਇੰਟੈਲੀਜੈਂਸ ਵਿੰਗ ਹੁੰਦਾ ਹੈ। ਉਨ੍ਹਾਂ ਕੋਲ ਜ਼ਿਆਦਾ ਖੂਫੀਆ ਜਾਣਕਾਰੀਆਂ ਹੁੰਦੀਆਂ ਹਨ। ਪੰਜਾਬ ਸਰਕਾਰ ਵੱਲੋਂ ਐਸਟੀਐਫ ਬਣਾਉਣ ਨਾਲ ਬੀਐਸਐਫ ਨੇ ਵੀ ਜ਼ਿਆਦਾ ਨਸ਼ਾ ਫੜਿਆ ਹੈ। ਉਨ੍ਹਾਂ ਦੇ ਅਫ਼ਸਰ ਬੀਐਸਐਫ ਦੇ ਅਫ਼ਸਰਾਂ ਨਾਲ ਬੈਠਦੇ ਹਨ ਤੇ ਗੱਲਬਾਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ 2016 ਵਿੱਚ ਜਿੱਥੇ 230 ਕਿੱਲੋ ਹੈਰੋਇਨ ਬਾਰਡਰ ਤੋਂ ਫੜੀ ਗਈ ਸੀ, ਉੱਥੇ 2017 ਵਿੱਚ 279 ਕਿੱਲੋ ਫੜੀ ਗਈ। ਇਸ ਲਈ ਐਸਟੀਐਫ ਦਾ ਬੀਐਸਐਫ ਨੂੰ ਫ਼ਾਇਦਾ ਹੋ ਰਿਹਾ ਹੈ।
ਆਈਜੀ ਨੇ ਦੱਸਿਆ ਕਿ ਅਟਾਰੀ ਬਾਰਡਰ 'ਤੇ ਰਿਟ੍ਰੀਟ ਸੈਰੇਮਨੀ ਵੇਖਣ ਲਈ ਗੈਲਰੀ ਬਣਾਈ ਜਾ ਰਹੀ ਹੈ। ਜਲਦ ਇਸ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਸ ਤੋਂ ਬਾਅਦ 25 ਹਜ਼ਾਰ ਦਰਸ਼ਕ ਇੱਥੇ ਰਿਟ੍ਰੀਟ ਸੈਰੇਮਨੀ ਵੇਖ ਸਕਣਗੇ। ਹੁਣ ਤੱਕ 12 ਹਜ਼ਾਰ ਦਰਸ਼ਕ ਇੱਥੇ ਬੈਠ ਸਕਦੇ ਹਨ। ਇਸ ਤੋਂ ਇਲਾਵਾ ਗੈਲਰੀ ਦੇ ਕੋਲ ਸਕ੍ਰੀਨ 'ਤੇ ਵੀ ਰਿਟ੍ਰੀਟ ਸੈਰਮਨੀ ਵੇਖੀ ਜਾ ਸਕੇਗੀ। ਜੇਕਰ ਪਾਕਿਸਤਾਨ ਆਪਣੀ ਸੈਰੇਮਨੀ ਦੀ ਵੀਡੀਓ ਸ਼ੇਅਰ ਕਰੇਗਾ ਤਾਂ ਅਸੀਂ ਉਹ ਵੀ ਵਿਖਾਵਾਂਗੇ।