ਸੰਗਰੂਰ: ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਚੋਣ ਗਠਜੋੜ ਹੋ ਗਿਆ ਹੈ। ਇਸ ਤਹਿਤ ਸੀਟਾਂ ‘ਤੇ ਆਪਸੀ ਸਹਿਮਤੀ ਵੀ ਬਣ ਚੁੱਕੀ ਹੈ। ਸੀਟਾਂ ਦੀ ਵੰਡ ਦਾ ਐਲਾਨ 7 ਮਾਰਚ ਨੂੰ ਚੰਡੀਗੜ੍ਹ ‘ਚ ਹੋਣ ਵਾਲੀ ਬੈਠਕ ‘ਚ ਹੋਣਾ ਹੈ। ਭਗਵੰਤ ਮਾਨ ਸੋਮਵਾਰ ਨੂੰ ਆਪਣੇ ਦਫ਼ਤਰ ‘ਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰ ਰਹੇ ਸੀ।
ਉਨ੍ਹਾਂ ਕਿਹਾ ਕਿ ਆਨੰਦਪੁਰ ਸਾਹਿਬ ਦੀ ਸੀਟ ‘ਤੇ ਕੋਈ ਵਿਵਾਦ ਨਹੀਂ। ਅਕਾਲੀ ਦਲ ਟਕਸਾਲੀ ਦੇ ਮੁਖੀ ਰਣਜੀਤ ਸਿੰਘ ਬ੍ਰਹਮਪੁਰਾ ਤੇ ਡਾ. ਰਤਨ ਸਿੰਘ ਅਜਨਾਲਾ ਜਿਹੇ ਲੀਡਰਾਂ ਨਾਲ ਉਨ੍ਹਾਂ ਦੀ ਬੈਠਕ ਹੋ ਚੁੱਕੀ ਹੈ। ਬਸਪਾ ਨਾਲ ਚੋਣ ਗਠਜੋੜ ਸਬੰਧੀ ਗੱਲਬਾਤ ਹੋ ਰਹੀ ਹੈ ਜਿਸ ਦਾ ਨਤੀਜਾ ਜਲਦੀ ਹੀ ਸਾਹਮਣੇ ਆ ਜਾਵੇਗਾ।
ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਹੀ 5 ਉਮੀਦਵਾਰਾਂ ਦੇ ਨਾਂ ਦੱਸੇ ਜਾ ਚੁੱਕੇ ਹਨ, ਜਦੋਂਕਿ ਦੋ ਉਮੀਦਵਾਰਾਂ ਦੇ ਨਾਂ ਦੋ ਦਿਨਾਂ ਅੰਦਰ ਹੀ ਦੱਸ ਦਿੱਤੇ ਜਾਣਗੇ। ਇਸ ਸਬੰਧੀ ਕੋਰ ਕਮੇਟੀ ਨੂੰ ਲਿਖ ਕੇ ਭੇਜਿਆ ਜਾ ਚੁੱਕਿਆ ਹੈ।