(Source: ECI/ABP News/ABP Majha)
ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਸਾਜਿਸ਼? ਸੀਰੀਅਲ ਧਮਾਕਿਆਂ ਦੀ ਤਿਆਰੀ!
ਜਲੰਧਰ ਤੋਂ ਵਿਸਫੋਟਕ ਸਮਗਰੀ ਸਮੇਤ ਗ੍ਰਿਫਤਾਰ ਕੀਤਾ ਗਿਆ ਗੁਰਮੁਖ ਸਿੰਘ ਬਰਾੜ ਪਾਕਿਸਤਾਨ ਵਿੱਚ ਬੈਠੇ ਵ੍ਹਟਸਐਪ 'ਤੇ ਆਪਣੇ ਤਾਇਆ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਭਾਈ ਲਖਬੀਰ ਸਿੰਘ ਰੋਡੇ ਦੇ ਸੰਪਰਕ ਵਿੱਚ ਸੀ।
ਚੰਡੀਗੜ੍ਹ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ, ਰਾਜ ਵਿੱਚ ਦਹਿਸ਼ਤ ਫੈਲਾਉਣ ਲਈ ‘ਲੜੀਵਾਰ ਬੰਬ ਧਮਾਕੇ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਸ ਨਾਲ ਸਬੰਧਤ ਸਾਰੀ ਸਾਜ਼ਿਸ਼ ਤੇ ਤਾਣੇ-ਬਾਣੇ ਨੂੰ ਬੁਣਿਆ ਜਾ ਰਿਹਾ ਸੀ। ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕਈ ਮਸ਼ਹੂਰ ਲੋਕਾਂ ਨੂੰ ਮਾਰਨ ਦੀ ਪੂਰੀ ਯੋਜਨਾ ਸੀ। ਆਰਐਸਐਸ ਦੇ ਨੇਤਾ ਇਸ ਵਿੱਚ ਮੁੱਖ ਨਿਸ਼ਾਨਾ ਹਨ।
ਏਜੰਸੀਆਂ ਨੇ ਤਾਜ਼ਾ ਜਾਣਕਾਰੀ ਵਿੱਚ ਚੇਤਾਵਨੀ ਦਿੱਤੀ ਹੈ ਕਿ ਪੰਜਾਬ ਵਿੱਚ ਡ੍ਰੋਨ ਰਾਹੀਂ ਭੇਜੀ ਗਈ ਅਸਲੇ, ਆਰਡੀਐਕਸ ਤੇ ਟਿਫ਼ਿਨ ਬੰਬ ਜਿਹੀਆਂ ਧਮਾਕਾਖੇਜ਼ ਸਮੱਗਰੀ ਦੀ ਖੇਪ ਵੱਖ-ਵੱਖ ਥਾਵਾਂ 'ਤੇ ਭੇਜੀ ਗਈ ਹੈ। ਇਸ ਲਈ ਪੁਲਿਸ ਤੇ ਏਜੰਸੀਆਂ ਨੇ ਪੰਜਾਬ ਵਿੱਚ ਕਈ ਥਾਵਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ, ਡੀਜੀਪੀ ਦਿਨਕਰ ਗੁਪਤਾ ਨੇ ਸਾਰੇ ਅਧਿਕਾਰੀਆਂ ਨੂੰ ਆਰਐਸਐਸ ਦੀਆਂ ਸ਼ਾਖਾਵਾਂ ਤੋਂ ਇਲਾਵਾ ਉਨ੍ਹਾਂ ਦੇ ਨੇਤਾਵਾਂ ਦੀ ਸੁਰੱਖਿਆ ਦੇ ਆਦੇਸ਼ ਜਾਰੀ ਕੀਤੇ ਹਨ।
ਦਰਅਸਲ, ਆਰਐਸਐਸ ਮੁਖੀ ਦੇ ਐਲਾਨ ਤੋਂ ਬਾਅਦ, ਕੱਟੜਪੰਥੀਆਂ ਨੇ ਸਾਲ 2002 ਵਿੱਚ ਆਰਐਸਐਸ ਦੀ ‘ਰਾਸ਼ਟਰੀ ਸਿੱਖ ਸੰਗਤ’ ਨੂੰ ਸਿੱਖ ਵਿਰੋਧੀ ਕਰਾਰ ਦਿੱਤਾ ਸੀ। 2009 ਵਿੱਚ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਦੀ ਪਟਿਆਲਾ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਨਾਂ ਦੀ ਖਾਲਿਸਤਾਨੀ ਜਥੇਬੰਦੀ ਦੇ ਕਾਰਕੁਨਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਸ ਤੋਂ ਬਾਅਦ ਆਰਐਸਐਸ ਦੇ ਕਈ ਸੀਨੀਅਰ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ। ਜਨਵਰੀ 2016 ਵਿੱਚ ਲੁਧਿਆਣਾ ਦੇ ਯੂਨੀਅਨ ਆਗੂ ਨਰੇਸ਼ ਕੁਮਾਰ ਉੱਤੇ ਹਮਲਾ ਹੋਇਆ ਸੀ।
ਫਰਵਰੀ 2016 ਵਿੱਚ, ਕਿਦਵਈ ਨਗਰ, ਲੁਧਿਆਣਾ ਵਿੱਚ ਚੱਲ ਰਹੀ ਸੰਘ ਦੀ ਸ਼ਾਖਾ ਉੱਤੇ ਗੋਲੀਆਂ ਚਲਾਈਆਂ ਗਈਆਂ ਸਨ। 6 ਅਗਸਤ, 2016 ਨੂੰ ਰਾਸ਼ਟਰੀ ਸਵੈਮਸੇਵਕ ਸੰਘ ਦੇ ਉਪ ਪ੍ਰਧਾਨ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ਦਾ ਕਤਲ ਕਰ ਦਿੱਤਾ ਗਿਆ ਸੀ। ਆਰਐਸਐਸ ਦੇ ਇੱਕ ਹੋਰ ਸੀਨੀਅਰ ਆਗੂ ਰਵਿੰਦਰ ਗੋਸਵਾਮੀ ਦੀ ਲੁਧਿਆਣਾ ਦੇ ਕੈਲਾਸ਼ ਨਗਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਏਜੰਸੀਆਂ ਦੁਆਰਾ ਪ੍ਰਾਪਤ ਇਨਪੁਟਸ ਅਨੁਸਾਰ, ਕੱਟੜਪੰਥੀ ਵੀ ਕਿਸਾਨਾਂ ਦੇ ਅੰਦੋਲਨ ਤੋਂ ਬਹੁਤ ਦੁਖੀ ਹਨ ਅਤੇ ਇਸ ਦਾ ਬਦਲਾ ਲੈਣ ਲਈ ਕੋਈ ਨਾ ਕੋਈ ਤਰੀਕਾ ਲੱਭ ਰਹੇ ਹਨ।
ਪੰਜਾਬ ਵਿੱਚ ਇੱਕ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਵਿਧਾਨ ਸਭਾ ਚੋਣਾਂ ਸਿਰ 'ਤੇ ਹਨ। ਅਜਿਹੀ ਸਥਿਤੀ ਵਿੱਚ ਪੰਜਾਬ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੀਆਂ ਸਰਗਰਮੀਆਂ ਸਿਖ਼ਰਾਂ ’ਤੇ ਹੋਣਗੀਆਂ। ਅੱਤਵਾਦੀ ਸੰਗਠਨ ਇਸ ਦਾ ਪੂਰਾ ਲਾਭ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।
ਸੂਤਰਾਂ ਦੀ ਮੰਨੀਏ ਤਾਂ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਸੰਗਠਨ ਕਿਸੇ ਤਰ੍ਹਾਂ ਸੂਬੇ ਦਾ ਮਾਹੌਲ ਖਰਾਬ ਕਰਕੇ ਖਾਲਿਸਤਾਨ ਦੀ ਲਹਿਰ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦਰਅਸਲ, ਰੈਫਰੈਂਡਮ-2020 ਦੇ ਫਲਾਪ ਹੋਣ ਤੋਂ ਬਾਅਦ, ਅੱਤਵਾਦੀ ਸੰਗਠਨਾਂ ਨੇ ਮਿਲ ਕੇ ਪੰਜਾਬ ਦੇ ਨੌਜਵਾਨਾਂ ਵਿੱਚ ਖਾਲਿਸਤਾਨ ਪ੍ਰਤੀ ਹਮਦਰਦੀ ਦੀ ਲਹਿਰ ਪੈਦਾ ਕਰਨ ਦਾ ਫੈਸਲਾ ਕੀਤਾ ਹੈ।
ਜਲੰਧਰ ਤੋਂ ਵਿਸਫੋਟਕ ਸਮਗਰੀ ਸਮੇਤ ਗ੍ਰਿਫਤਾਰ ਕੀਤਾ ਗਿਆ ਗੁਰਮੁਖ ਸਿੰਘ ਬਰਾੜ ਪਾਕਿਸਤਾਨ ਵਿੱਚ ਬੈਠੇ ਵ੍ਹਟਸਐਪ 'ਤੇ ਆਪਣੇ ਤਾਇਆ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਭਾਈ ਲਖਬੀਰ ਸਿੰਘ ਰੋਡੇ ਦੇ ਸੰਪਰਕ ਵਿੱਚ ਸੀ। ਜਾਂਚ ਟੀਮ ਨੂੰ ਅਜਿਹੀਆਂ ਇਨਪੁਟਸ ਪ੍ਰਾਪਤ ਹੋਈਆਂ ਹਨ ਕਿ ਐਪ ਦੇ ਜ਼ਰੀਏ ਦੋਵਾਂ ਦੇ ਵਿੱਚ ਲਗਾਤਾਰ ਗੱਲਬਾਤ ਹੁੰਦੀ ਸੀ ਅਤੇ ਗੁਰਮੁਖ ਤੋਂ ਬਰਾਮਦ ਕੀਤੀ ਗਈ ਵਿਸਫੋਟਕ ਸਮੱਗਰੀ ਉਸ ਦੇ ਤਾਏ ਨੇ ਹੀ ਉਸ ਨੂੰ ਪਾਕਿਸਤਾਨ ਤੋਂ ਭੇਜੀ ਸੀ।
ਇਹ ਸਮਗਰੀ ਡ੍ਰੋਨ ਰਾਹੀਂ ਆਈ ਖੇਪ ਦਾ ਹਿੱਸਾ ਸੀ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਸਫੋਟਕ ਸਮੱਗਰੀ ਪੰਜਾਬ ਵਿੱਚ ਡ੍ਰੋਨਾਂ ਰਾਹੀਂ ਭੇਜੀ ਗਈ ਸੀ। ਇਸ ਖੇਪ ਦਾ ਸਿਰਫ ਇੱਕ ਹਿੱਸਾ ਗੁਰਮੁਖ ਕੋਲੋਂ ਬਰਾਮਦ ਕੀਤਾ ਗਿਆ ਹੈ। ਗੁਰਮੁਖ ਸਿੰਘ ਬਰਾੜ ਨੂੰ ਸੱਤ ਦਿਨਾਂ ਦੇ ਰਿਮਾਂਡ 'ਤੇ ਲਿਆ ਗਿਆ ਹੈ। ਇੰਟੈਲੀਜੈਂਸ ਬਿਊਰੋ (ਆਈਬੀ) ਤੋਂ ਇਲਾਵਾ ਹੋਰ ਏਜੰਸੀਆਂ ਨੇ ਵੀ ਉਸ ਤੋਂ ਸਖਤੀ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਐਨਆਈਏ ਦੀ ਟੀਮ ਵੀ ਪੁੱਛਗਿੱਛ ਲਈ ਕਪੂਰਥਲਾ ਆ ਰਹੀ ਹੈ।
ਦੂਜਾ ਟਿਫਿਨ ਬੰਬ ਮਿਲਣ ਤੋਂ ਬਾਅਦ ਬਦਲੀ ਜਾਂਚ ਦੀ ਦਿਸ਼ਾ
ਸ਼ੁੱਕਰਵਾਰ ਨੂੰ ਪੰਜਾਬ ਵਿੱਚ ਇੱਕ ਹੋਰ ਟਿਫਿਨ ਬੰਬ ਮਿਲਿਆ ਹੈ। ਇਹ ਪ੍ਰਾਪਤ ਕਰਨ ਤੋਂ ਬਾਅਦ, ਐਨਆਈਏ ਦੀ ਜਾਂਚ ਦੀ ਦਿਸ਼ਾ ਬਦਲ ਗਈ ਹੈ। ਪਹਿਲਾ ਟਿਫਿਨ ਬੰਬ 9 ਅਗਸਤ ਨੂੰ ਖੇਤ ਵਿੱਚੋਂ ਮਿਲਿਆ ਸੀ। ਤਦ ਜਾਂਚ ਏਜੰਸੀਆਂ ਇਸ ਮਾਮਲੇ ਦੀ ਵੱਖਰੇ ਕੋਣ ਤੋਂ ਜਾਂਚ ਕਰ ਰਹੀਆਂ ਸਨ ਪਰ ਦੂਜਾ ਟਿਫਿਨ ਬੰਬ ਮਿਲਣ ਤੋਂ ਬਾਅਦ ਇਸ ਨੂੰ ਇੱਕ ਲੜੀ ਵਜੋਂ ਵੇਖਿਆ ਜਾ ਰਿਹਾ ਹੈ।