Shaheedi Jor Mel: ਫਤਹਿਗੜ੍ਹ ਸਾਹਿਬ 'ਚ ਵੱਡੀ ਸੰਗਤ ਦੀ ਆਮਦ ਨੂੰ ਦੇਖਦਿਆਂ ਕੰਟਰੋਲ ਰੂਮ ਤੇ ਐਮਰਜੈਂਸੀ ਫੋਨ ਨੰਬਰ ਹੋਏ ਜਾਰੀ
Shaheedi Jor Mel: ਸਭਾ ਦੌਰਾਨ ਵਿਭਾਗ ਵੱਲੋਂ 6 ਆਰਜ਼ੀ ਡਿਸਪੈਂਸਰੀਆਂ ਦਿਨ ਰਾਤ ਖੁੱਲ੍ਹੀਆਂ ਰਹਿਣਗੀਆ, ਜਿਨ੍ਹਾਂ ਨਾਲ ਇਕ ਇਕ ਐਂਬੂਲੈਂਸ ਵੀ ਸਥਾਪਤ ਹੋਵੇਗੀ ਤੇ ਇਨ੍ਹਾਂ ਡਿਸਪੈਂਸਰੀਆਂ ਲਈ ਡਾਕਟਰ, ਪੈਰਾਮੈਡੀਕਲ ਸਟਾਫ ਅਤੇ ਦਵਾਈਆਂ ਦਾ
ਫਤਹਿਗੜ੍ਹ ਸਾਹਿਬ : ਸ਼ਹੀਦੀ ਸਭਾ ਤੇ ਦੇਸ਼ਾਂ - ਵਿਦੇਸ਼ਾਂ ਤੋਂ ਲੱਖਾਂ ਦੀ ਤਾਦਾਦ ਵਿੱਚ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤਾਂ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿਹਤ ਵਿਭਾਗ ਵੱਲੋਂ 24 ਘੰਟੇ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ, ਇਹ ਸੇਵਾਵਾਂ ਉਪਲੱਬਧ ਕਰਵਾਉਣ ਲਈ ਵਿਭਾਗ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਨੇ ਦੱਸਿਆ ਕਿ ਸੰਗਤਾਂ ਲਈ ਇਹਨਾ ਸਿਹਤ ਸਹੂਲਤਾਂ ਦੀ ਦੇਖ-ਰੇਖ ਕਰਨ ਲਈ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਨੰਬਰ 01763-232136 ਹੋਵੇਗਾ ਅਤੇ ਐਮਰਜੈਂਸੀ ਨੰਬਰ ਜ਼ਿਲਾ ਹਸਪਤਾਲ 01763-292105 ਹੋਵੇਗਾ ਇਸ ਤੋਂ ਇਲਾਵਾ ਇਕ ਸਿਹਤ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ।
ਜਿਸ ਵਿੱਚ ਜ਼ਿਲਾ ਟੀਕਾਕਰਨ ਅਫ਼ਸਰ ਡਾ ਰਾਜੇਸ਼ ਕੁਮਾਰ ਨੂੰ ਮੁੱਖ ਸ਼ਹੀਦੀ ਸਭਾ ਅਫਸਰ ,ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰਿਤਾ ਨੂੰ ਸਹਾਇਕ ਸ਼ਹੀਦੀ ਸਭਾ ਅਫਸਰ, ਸਹਾਇਕ ਸਿਵਲ ਸਰਜਨ ਡਾ ਸਵਪਨਜੀਤ ਕੌਰ ਨੂੰ ਕੋਆਰਡੀਨੇਟਰ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਦਲਜੀਤ ਕੌਰ ਨੂੰ ਸਹਾਇਕ ਕੁਆਰਡੀਨੇਟਰ ਸ਼ਹੀਦੀ ਸਭਾ ਲਗਾਇਆ ਗਿਆ ਹੈ ਅਤੇ ਕਮੇਟੀ ਦੇ ਚੇਅਰਮੈਨ ਉਹ ਖੁਦ ਹੋਣਗੇ ।
ਡਾ ਦਵਿੰਦਰਜੀਤ ਕੌਰ ਨੇ ਦੱਸਿਆ ਕਿ ਸਭਾ ਦੌਰਾਨ ਵਿਭਾਗ ਵੱਲੋਂ 6 ਆਰਜ਼ੀ ਡਿਸਪੈਂਸਰੀਆਂ ਦਿਨ ਰਾਤ ਖੁੱਲ੍ਹੀਆਂ ਰਹਿਣਗੀਆ, ਜਿਨ੍ਹਾਂ ਨਾਲ ਇਕ ਇਕ ਐਂਬੂਲੈਂਸ ਵੀ ਸਥਾਪਤ ਹੋਵੇਗੀ ਤੇ ਇਨ੍ਹਾਂ ਡਿਸਪੈਂਸਰੀਆਂ ਲਈ ਡਾਕਟਰ, ਪੈਰਾਮੈਡੀਕਲ ਸਟਾਫ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ।
ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 108 ਨੰਬਰ ਪੰਜ ਐਂਬੂਲੈਂਸਾਂ ਵੀ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨਗੀਆਂ ,ਦੋ ਐਂਬੂਲੈਂਸਾਂ ਵੀ. ਆਈ. ਪੀ. ਲਈ ਅਤੇ ਦੋ ਐਂਬੂਲੈਂਸਾਂ ਨਗਰ ਕੀਰਤਨ ਦੇ ਅੱਗੇ ਪਿੱਛੇ ਚੱਲਣਗੀਆਂ ਜਦਕਿ ਦੋ ਐਂਬੂਲੈਂਸਾਂ ਰਿਜ਼ਰਵ ਰੱਖੀਆਂ ਜਾਣਗੀਆਂ , ਜਦਕਿ ਆਮ ਖਾਸ ਬਾਗ ਸਰਹਿੰਦ ਵਿਖੇ ਹੋਣ ਵਾਲੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਲਈ ਵੀ ਐਮਬੂਲੈਂਸ ਅਤੇ ਮੈਡੀਕਲ ਸਟਾਫ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਇਨ੍ਹਾਂ ਐਂਬੂਲੈਂਸਾਂ ਵਿੱਚ ਵੀ ਡਾਕਟਰ ਸਮੇਤ ਪੈਰਾਮੈਡੀਕਲ ਸਟਾਫ ,ਆਕਸੀਜਨ ਅਤੇ ਦਵਾਈਆਂ ਦਾ ਵੀ ਉਚਿਤ ਪ੍ਰਬੰਧ ਕਰ ਲਿਆ ਗਿਆ ਹੈ
ਜ਼ਿਲ੍ਹਾ ਹਸਪਤਾਲ ਦੇ ਬਲੱਡ ਬੈਂਕ ਵਿਚ ਹਰ ਬਲੱਡ ਗਰੁੱਪ ਦੀਆਂ ਬਲੱਡ ਯੂਨਿਟਾਂ ਲੋੜੀਂਦੀ ਮਾਤਰਾ ਵਿੱਚ ਹਰ ਸਮੇਂ ਉਪਲਬਧ ਰੱਖਣ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਬਲੱਡ ਬੈਂਕ 24 ਘੰਟੇ ਖੁੱਲ੍ਹਾ ਰਹੇਗਾ । ਉਹਨਾਂ ਕਿਹਾ ਕਿ ਸਿਹਤ ਸੇਵਾਵਾਂ ਸਬੰਧੀ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।