ਰਵੀ ਇੰਦਰ ਸਿੰਘ 


ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਇਨ੍ਹੀਂ ਦਿਨੀਂ ਕਾਫੀ ਮੰਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇੱਕ ਤੋਂ ਬਾਅਦ ਇੱਕ ਅਕਾਲੀ ਲੀਡਰ, ਪਾਰਟੀ ਦੀ ਅਗਵਾਈ ਕਰਨ ਵਾਲੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕ ਰਹੇ ਹਨ। ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਛੇ-ਸੱਤ ਮਹੀਨਿਆਂ ਦਾ ਵਕਫ਼ਾ ਹੀ ਰਹਿ ਗਿਆ ਹੈ ਅਤੇ ਅਕਾਲੀ ਦਲ ਦੀ ਸਥਿਤੀ ਦਿਨੋਂ ਦਿਨ ਡਾਵਾਂਡੋਲ ਹੁੰਦੀ ਜਾ ਰਹੀ ਹੈ। ਅਜਿਹੇ ਵਿੱਚ ਅਕਾਲੀ ਦਲ ਨੂੰ ਆਪਣੀ ਸਾਖ਼ ਬਚਾਉਣ ਬੇਹੱਦ ਵੱਡੇ ਕਦਮ ਚੁੱਕਣ ਦੀ ਲੋੜ ਪਵੇਗੀ।

27 ਅਗਸਤ 2018 ਨੂੰ ਬੇਅਦਬੀ ਤੇ ਗੋਲ਼ੀਕਾਂਡ ਰਿਪੋਰਟ ਤੋਂ ਬਾਅਦ ਅਕਾਲੀ ਦਲ ਚਹੁੰ ਪਾਸਿਓਂ ਘਿਰ ਗਿਆ। ਇੱਕ ਪਾਸੇ ਰਿਪੋਰਟ ਤੋਂ ਬਾਅਦ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਬਾਰੇ ਅਕਾਲੀ ਦਲ ਦੀ ਤਿੱਖੀ ਆਲੋਚਨਾ ਹੋਣ ਲੱਗੀ ਤਾਂ ਦੂਜੇ ਪਾਸੇ ਰਿਪੋਰਟ ਦਾ ਸਦਨ ਵਿੱਚ ਹੀ ਵਿਰੋਧ ਕਰਨ ਦੀ ਬਜਾਇ ਵਾਕਆਊਟ ਕਰ ਜਾਣ 'ਤੇ ਸੀਨੀਅਰ ਲੀਡਰ ਵੀ ਖ਼ਫ਼ਾ ਹੋ ਗਏ। ਪਾਰਟੀ ਪ੍ਰਧਾਨ ਆਪਣੇ ਤਰੀਕੇ ਨਾਲ ਅੱਗੇ ਵਧ ਰਹੇ ਸਨ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਰੈਲੀਆਂ ਨਾਲ ਘੇਰਨ ਦੀਆਂ ਕੋਸ਼ਿਸ਼ਾਂ ਵਿੱਚ ਸਨ ਪਰ 29 ਸਤੰਬਰ 2018 ਨੂੰ ਪਰਕਾਸ਼ ਸਿੰਘ ਬਾਦਲ ਤੋਂ ਬਾਅਦ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੀਆਂ ਸਾਰੀਆਂ ਅਹੁਦੇਦਾਰੀਆਂ ਤੋਂ ਅਸਤੀਫ਼ਾ ਦੇ ਦਿੱਤਾ।

ਢੀਂਡਸਾ ਦੇ ਅਸਤੀਫ਼ੇ ਤੋਂ ਬਾਅਦ ਜਿਵੇਂ ਸਰਗਰਮ ਹੋਏ ਜਵਾਲਾਮੁਖੀ ਰੂਪੀ ਅਕਾਲੀ ਦਲ ਫੁੱਟ ਪਿਆ ਅਤੇ ਇਸ ਦੇ ਲਾਵਾ ਦਾ ਸੇਕ ਪ੍ਰਧਾਨ ਦੀ ਕੁਰਸੀ ਦੀਆਂ ਲੱਤਾਂ ਖੋਰਨ ਲੱਗ ਪਿਆ ਹੈ। ਢੀਂਡਸਾ ਦੇ ਤਿਆਗ-ਪੱਤਰ ਦੇਣ ਤੋਂ ਅਗਲੇ ਹੀ ਦਿਨ ਮਾਝੇ ਦੇ ਤਿੰਨ ਟਕਸਾਲੀ ਲੀਡਰਾਂ ਨੇ ਵੀ ਆਪਣਾ ਝੰਡਾ ਬੁਲੰਦ ਕਰ ਦਿੱਤਾ। ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨੇ ਪਾਰਟੀ ਵਿੱਚ ਚੱਲ ਰਹੀ ਉਥਲ-ਪੁਥਲ ਅਤੇ ਪ੍ਰਧਾਨ ਦੀਆਂ ਗ਼ਲਤ ਨੀਤੀਆਂ ਵਿਰੁੱਧ ਮੱਠੇ ਜਿਹੇ ਸੁਰ ਵਿੱਚ ਬਗ਼ਾਵਤ ਛੇੜ ਦਿੱਤੀ। ਪੁੱਛ ਪਰਤੀਤ ਨਾ ਹੁੰਦੀ ਦੇਖ ਸੀਨੀਅਰ ਅਕਾਲੀ ਲੀਡਰ ਤੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ 23 ਅਕਤੂਬਰ 2018 ਨੂੰ ਢੀਂਡਸਾ ਵਾਂਗ ਪਾਰਟੀ ਦੀਆਂ ਅਹੁਦੇਦਾਰੀਆਂ ਅਤੇ ਕੋਰ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ।

ਇਸ ਤੋਂ ਕੁਝ ਦਿਨਾਂ ਬਾਅਦ ਯਾਨੀ ਤਿੰਨ ਨਵੰਬਰ ਨੂੰ ਸੇਵਾ ਸਿੰਘ ਸੇਖਵਾਂ ਨੇ ਵੀ ਪਾਰਟੀ ਦੀ ਕੋਰ ਕਮੇਟੀ ਤੇ ਸੀਨੀਅਰ ਮੀਤ ਪ੍ਰਧਾਨਗੀ ਛੱਡ ਦਿੱਤੀ ਅਤੇ ਪ੍ਰਧਾਨ ਸੁਖਬੀਰ ਬਾਦਲ ਵਿਰੁੱਧ ਜੰਮ ਕੇ ਭੜਾਸ ਕੱਢੀ। ਉਨ੍ਹਾਂ ਸੁਖਬੀਰ 'ਤੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਦੇ ਮਾਮਲੇ ਵਿੱਚ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧੱਕੇ ਨਾਲ ਮੁਆਫ਼ੀ ਦਿਵਾਉਣ ਦੇ ਦੋਸ਼ ਵੀ ਲਾਏ। ਹਾਲਾਂਕਿ, ਪਾਰਟੀ ਨੇ ਸੇਖਵਾਂ ਨੂੰ ਅਨੁਸ਼ਾਸਨਹੀਣਤਾ ਕਰਨ ਦੇ ਦੋਸ਼ ਹੇਠ ਬਰਖ਼ਾਸਤ ਕਰ ਦਿੱਤਾ ਪਰ ਇਹ ਹੋਰਨਾਂ ਬਾਗ਼ੀ ਲੀਡਰਾਂ ਦੇ ਹੌਸਲੇ ਨਾ ਢਾਹ ਸਕਿਆ।

ਸੱਤ ਨਵੰਬਰ 2018 ਨੂੰ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪਣੇ ਹਲਕੇ ਵਿੱਚ ਵੱਡੀ ਰੈਲੀ ਕੀਤੀ। ਰੈਲੀ ਤੋਂ ਬਾਅਦ ਉਹ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਪਾਰਟੀ ਪ੍ਰਧਾਨ ਵਿਰੁੱਧ ਜਿਹੜੀ ਸ਼ਬਦਾਵਲੀ ਵਰਤੇ, ਉਹ ਸ਼ਾਇਦ ਹੀ ਕਿਸੇ ਲੀਡਰ ਨੇ ਔਨ ਰਿਕਾਰਡ ਵਰਤੀ ਹੋਵੇ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪਾਰਟੀ ਪ੍ਰਧਾਨ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਕਿੰਨੀ ਕੁ ਇੱਜ਼ਤ ਹੋਵੇਗੀ। ਹੁਣ ਅਕਾਲੀ ਦਲ ਦੇ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਵੀ ਸੁਖਬੀਰ ਬਾਦਲ ਵਿਰੁੱਧ ਆਵਾਜ਼ ਬੁਲੰਦ ਕਰ ਦਿੱਤੀ ਹੈ। ਲੰਮੇਂ ਸਮੇਂ ਤੋਂ ਨੁੱਕਰੇ ਲਾਏ ਇਸ ਲੀਡਰ ਨੇ 'ਏਬੀਪੀ ਸਾਂਝਾ' ਦੇ ਵਿਸ਼ੇਸ਼ ਪ੍ਰੋਗਰਾਮ ਮੁੱਕਦੀ ਗੱਲ ਵਿੱਚ ਬਾਦਲ ਵਿਰੁੱਧ ਜ਼ੋਰਦਾਰ ਭੜਾਸ ਕੱਢੀ। ਉਨ੍ਹਾਂ ਐਲਾਨ ਕੀਤਾ ਕਿ ਉਹ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਕੋਈ ਚੋਣ ਨਹੀਂ ਲੜਨਗੇ।

ਜਿਸ ਰਫ਼ਤਾਰ ਨਾਲ ਅਕਾਲੀ ਦਲ ਦੇ ਮੌਜੂਦਾ ਸੰਸਦ ਮੈਂਬਰ ਪਾਰਟੀ ਪ੍ਰਧਾਨ ਦੇ ਖ਼ਿਲਾਫ਼ ਉੱਠ ਰਹੇ ਹਨ, ਉਸ ਤੋਂ ਜਾਪਦਾ ਹੈ ਕਿ ਕੌਮੀ ਪੱਧਰ ਦੀ ਸਿਆਸਤ ਕਰਨ ਲਈ ਯੋਗ ਉਮੀਦਵਾਰ ਲੱਭਣ ਵਿੱਚ ਅਕਾਲੀ ਦਲ ਨੂੰ ਖ਼ਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖਡੂਰ ਸਾਹਿਬ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਫ਼ਰੀਦਕੋਟ ਤੋਂ ਸ਼ੇਰ ਸਿੰਘ ਘੁਬਾਇਆ ਨੇ ਸੁਖਬੀਰ ਬਾਦਲ ਵਿਰੁੱਧ ਸਿੱਧਾ ਫਰੰਟ ਖੋਲ੍ਹ ਦਿੱਤਾ ਹੈ। ਇਸ ਤੋਂ ਇਲਾਵਾ ਕਈ ਟਕਸਾਲੀ ਲੀਡਰਾਂ ਨੇ ਸੁਖਬੀਰ ਦੀ ਅਗਵਾਈ ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਸੁਖਬੀਰ ਦੀ ਨੁਕਤਾਚੀਨੀ ਕਰਨ ਵਾਲੇ ਘੁਬਾਇਆ ਨੂੰ ਅਕਾਲੀ ਦਲ ਨੇ ਦਿੱਤੀ ਸੀਟ ਛੱਡਣ ਦੀ ਸਲਾਹ

ਬੇਸ਼ੱਕ ਪਰਕਾਸ਼ ਸਿੰਘ ਬਾਦਲ ਪੰਜਾਬ ਖਾਤਰ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਲਈ ਤਿਆਰ ਹੋਣ ਅਤੇ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਪ੍ਰਧਾਨਗੀ ਛੱਡਣ ਸਬੰਧੀ ਬਿਆਨ ਦੇ ਚੁੱਕੇ ਹਨ। ਪਰ ਹੁਣ ਦੇਖਣਾ ਹੋਵੇਗਾ ਕਿ ਪਾਰਟੀ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਕਾਲੀ ਦਲ ਨੂੰ ਇਸ ਸੰਕਟ ਵਿੱਚੋਂ ਕਿਸ ਤਰ੍ਹਾਂ ਕੱਢਣਗੇ।