Punjab News: ਨਹੀਂ ਬਦਲੇਗਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ! ਸੁਖਬੀਰ ਬਾਦਲ ਨੇ ਅੰਦਰੋਂ-ਅੰਦਰੀ ਕਰ ਲਿਆ ਜੋੜ-ਤੋੜ, ਬਦਲੇ ਸਾਰੇ ਸਮੀਕਰਨ
ਸ਼੍ਰੋਮਣੀ ਅਕਾਲੀ ਦਲ ਉਪਰ ਬਾਦਲ ਪਰਿਵਾਰ ਦਾ ਹੀ ਕਬਜ਼ਾ ਰਹੇਗਾ। ਬਗਾਵਤ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੁਖਬੀਰ ਬਾਦਲ ਦੇ ਹੀ ਹੱਥ ਰਹੇਗੀ। ਬਗਾਵਤ ਮਗਰੋਂ ਸੁਖਬੀਰ ਬਾਦਲ ਨੇ ਅੰਦਰੋਂ-ਅੰਦਰੀ ਸਭ ਸੈੱਟ ਕਰ ਲਿਆ ਹੈ।
Punjab News: ਸ਼੍ਰੋਮਣੀ ਅਕਾਲੀ ਦਲ ਉਪਰ ਬਾਦਲ ਪਰਿਵਾਰ ਦਾ ਹੀ ਕਬਜ਼ਾ ਰਹੇਗਾ। ਬਗਾਵਤ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੁਖਬੀਰ ਬਾਦਲ ਦੇ ਹੀ ਹੱਥ ਰਹੇਗੀ। ਬਗਾਵਤ ਮਗਰੋਂ ਸੁਖਬੀਰ ਬਾਦਲ ਨੇ ਅੰਦਰੋਂ-ਅੰਦਰੀ ਸਭ ਸੈੱਟ ਕਰ ਲਿਆ ਹੈ। ਇਸ ਵੇਲੇ ਵੱਡੀ ਗਿਣਤੀ ਅਕਾਲੀ ਲੀਡਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਬੀਰ ਬਾਦਲ ਨਾਲ ਡਟ ਗਏ ਹਨ। ਇਸ ਤਰ੍ਹਾਂ ਸੁਖਬੀਰ ਬਾਦਲ ਨੇ ਆਪਣੀ ਕੁਰਸੀ ਸੁਰੱਖਿਅਤ ਕਰ ਲਈ ਹੈ।
ਸੁਖਬੀਰ ਬਾਦਲ ਧੜੇ ਦਾ ਦਾਅਵਾ ਹੈ ਕਿ 117 ਨੇਤਾਵਾਂ 'ਚੋਂ ਸਿਰਫ 5 ਨੇਤਾ ਸੁਖਬੀਰ ਬਾਦਲ ਦੇ ਖਿਲਾਫ ਹਨ। ਜਦਕਿ 112 ਆਗੂ ਪਾਰਟੀ ਤੇ ਸੁਖਬੀਰ ਬਾਦਲ ਦੇ ਨਾਲ ਖੜ੍ਹੇ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 93 ਮੈਂਬਰਾਂ ਨੇ ਵੀ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਭਰੋਸਾ ਪ੍ਰਗਟਾਇਆ ਹੈ। ਅਹਿਮ ਗੱਲ ਹੈ ਕਿ ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਲੀਡਰਾਂ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗਾਂ ਦੌਰਾਨ ਅਸਤੀਫੇ ਦੀ ਪੇਸ਼ਕਸ਼ ਕੀਤੀ ਪਰ ਇਹ ਠੁਕਰਾ ਦਿੱਤੀ ਗਈ।
ਇਸ ਤੋਂ ਤੈਅ ਹੈ ਕਿ ਸੁਖਬੀਰ ਬਾਦਲ ਨੇ ਆਪਣੇ ਹਮਾਇਤੀਆਂ ਤੋਂ ਆਪਣੀ ਪ੍ਰਧਾਨਗੀ ਉਪਰ ਮੋਹਰ ਲਵਾ ਲਈ ਹੈ। ਦੂਜੇ ਪਾਸੇ ਸੁਖਬੀਰ ਬਾਦਲ ਨੂੰ ਅਹੁਦੇ ਤੋਂ ਹਟਾਉਣ ਵਾਲੇ ਲੀਡਰ ਗਿਣਤੀ ਪੱਖੋਂ ਘੱਟ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਉਨ੍ਹਾਂ ਦੀ ਗਿਣਤੀ ਘੱਟ ਹੈ। ਇਸ ਲਈ ਉਹ ਸੁਖਬੀਰ ਬਾਦਲ ਦੀ ਕੁਰਸੀ ਨਹੀਂ ਹਿਲਾ ਸਕਣਗੇ ਪਰ ਵੱਖਰਾ ਦਲ ਬਣਾ ਨੇ ਖੋਰਾ ਜ਼ਰੂਰ ਲਾ ਸਕਦੇ ਹਨ।
ਦਰਅਸਲ ਸੁਖਬੀਰ ਬਾਦਲ ਨੂੰ ਮੰਗਲਵਾਰ ਉਸ ਵੇਲੇ ਬਲ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵੀ ਉਨ੍ਹਾਂ ਦੀ ਪਿੱਠ ਥਾਪੜੀ। ਮੀਟਿੰਗ ਵਿੱਚ ਕਰੀਬ 93 ਮੈਂਬਰ ਪੁੱਜੇ ਜਿਨ੍ਹਾਂ ਨੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਵਿੱਚ ਭਰੋਸਾ ਜ਼ਾਹਿਰ ਕੀਤਾ। ਮੀਟਿੰਗ ਵਿੱਚ ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਅੱਗੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਪਰ ਮੈਂਬਰਾਂ ਨੇ ਇਸ ਨੂੰ ਠੁਕਰਾ ਦਿੱਤਾ। ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਏ ਜਾਣ ਦੀ ਅਪੀਲ ਵੀ ਕੀਤੀ ਗਈ।
ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਬਿਨਾਂ ਕਿਸੇ ਦਾ ਨਾਮ ਲਏ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਚੌਕਸ ਕਰਦਿਆਂ ਕਿਹਾ ਕਿ ਬਹੁਤ ਸਾਰੀਆਂ ਤਾਕਤਾਂ ਹੁਣ ਸ਼੍ਰੋਮਣੀ ਕਮੇਟੀ ਨੂੰ ਤੋੜਨਾ ਚਾਹੁੰਦੀਆਂ ਹਨ ਜਿਸ ਕਰਕੇ ਅਜਿਹੇ ਲੋਕਾਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਤੇ ਗੱਲਾਂ ਵਿੱਚ ਨਾ ਆ ਜਾਇਓ। ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਹੱਲਾਸ਼ੇਰੀ ਦਿੱਤੀ। ਕਰੀਬ ਦਰਜਨ ਕੁ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਮੀਟਿੰਗ ਵਿੱਚ ਆਪਣੀ ਗੱਲ ਰੱਖੀ ਤੇ ਉਸ ਮਗਰੋਂ ਕੁੱਝ ਮੈਂਬਰ ਇਕੱਲੇ ਇਕੱਲੇ ਪਾਰਟੀ ਪ੍ਰਧਾਨ ਬਾਦਲ ਨੂੰ ਵੱਖਰੇ ਤੌਰ ’ਤੇ ਮਿਲੇ।
ਸੁਖਬੀਰ ਬਾਦਲ ਨੇ ਕਿਹਾ ਕਿ ਬਾਗ਼ੀ ਖੇਮੇ ਦੇ ਆਗੂ ਚਾਹੁੰਦੇ ਸਨ ਕਿ ਭਾਜਪਾ ਨਾਲ ਸਮਝੌਤਾ ਕੀਤਾ ਜਾਵੇ ਜਦੋਂਕਿ ਭਾਜਪਾ ਦੀ ਸ਼ਰਤ ਸੀ ਕਿ ਕਿਸਾਨਾਂ ਦੇ ਖ਼ਿਲਾਫ਼ ਬੋਲਿਆ ਜਾਵੇ ਪਰ ਉਨ੍ਹਾਂ ਨੇ ਬੇਅਸੂਲਾ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ। ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੇਂਦਰੀ ਤਾਕਤਾਂ ਕਮਜ਼ੋਰ ਕਰਨਾ ਚਾਹੁੰਦੀਆਂ ਹਨ ਜਿਸ ਕਰਕੇ ਇਨ੍ਹਾਂ ਨਾਲ ਸਖ਼ਤ ਟੱਕਰ ਲਈ ਜਾਵੇ। ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸੁਝਾਅ ਦਿੱਤਾ ਕਿ ਪੰਥਕ ਤੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪੱਧਰ ’ਤੇ ਧਰਨੇ ਲਾਏ ਜਾਣ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੀਟਿੰਗ ਵਿਚ 93 ਮੈਂਬਰ ਪੁੱਜੇ ਜਦੋਂਕਿ 13 ਮੈਂਬਰ ਰੁਝੇਵੇਂ ਵਿਚ ਹੋਣ ਕਰਕੇ ਆ ਨਹੀਂ ਸਕੇ ਜਿਨ੍ਹਾਂ ਨੇ ਆਪਣੀ ਸਹਿਮਤੀ ਦਿੱਤੀ ਹੈ। ਕੁਝ ਮੈਂਬਰ ਵਿਦੇਸ਼ ਵਿਚ ਵੀ ਹਨ। ਡਾ. ਚੀਮਾ ਨੇ ਕਿਹਾ ਕਿ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸੁਖਬੀਰ ਬਾਦਲ ਦੀ ਅਗਵਾਈ ਵਿਚ ਵਿਸ਼ਵਾਸ ਪ੍ਰਗਟ ਕੀਤਾ ਹੈ ਤੇ ਪਾਰਟੀ ਨਾਲ ਡਟ ਕੇ ਖੜ੍ਹਨ ਦਾ ਅਹਿਦ ਲਿਆ ਹੈ।