ਚੰਡੀਗੜ੍ਹ: ਸ਼ਹੀਦ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵਿਲੱਖਣ ਸੀ, ਕਿਉਂਕਿ ਗੁਰੂ ਸਾਹਿਬ ਨੇ ਉਸ ਧਰਮ ਦੀ ਰੱਖਿਆ ਲਈ ਸ਼ਹਾਦਤ ਦਿੱਤੀ ਜਿਸ ਵਿੱਚ ਉਨ੍ਹਾਂ ਦਾ ਅਕੀਦਾ ਹੀ ਨਹੀਂ ਸੀ। ਆਪਣੇ ਧਰਮ ਲਈ ਤਾਂ ਦੁਨੀਆ 'ਤੇ ਬਹੁਤ ਪੈਰੋਕਾਰ ਤੇ ਪੈਗੰਬਰ ਜਾਨਾਂ ਕੁਰਬਾਨ ਕਰਕੇ ਗਏ ਪਰ ਕਿਸੇ ਹੋਰ ਧਰਮ ਲਈ ਜਾਨ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤੀ।
ਸੂਝਵਾਨ ਹਿੰਦੂ ਵੀਰ-ਭੈਣਾਂ ਤੇ ਮਾਵਾਂ ਅੱਜ ਵੀ ਉਸ ਉਪਕਾਰ ਨੂੰ ਮੰਨਦੇ ਹਨ ਪਰ ਕਈ ਛੋਟੀ ਸੋਚ ਵਾਲੇ ਹਿੰਦੂ ਵੀਰ ਉਸ ਕੁਰਬਾਨੀ ਨੂੰ ਆਪਣੇ ਆਪ 'ਤੇ ਭਾਰ ਜਾਂ ਅਹਿਸਾਨ ਸਮਝਦੇ ਹੋਏ ਰਿਣ ਉਤਾਰਨ ਦਾ ਯਤਨ ਕਰਦੇ ਹਨ। (ਹਰ ਸਾਲ ਪੰਜਾਬ ਬ੍ਰਾਹਮਣ ਸਭਾ ਦਿੱਲੀ ਤੱਕ ਰਿਣ ਉਤਾਰ ਯਾਤਰਾ ਕੱਢਦੀ ਹੈ)। ਸੱਚਾਈ ਇਹ ਹੈ ਕਿ ਗੁਰੂ ਸਾਹਿਬਾਨ ਜ਼ੁਲਮ ਦੇ ਖਿਲਾਫ ਸਨ। ਆਪ ਜੀ ਨੇ ਸ਼ਹੀਦੀ ਦੇ ਕੇ ਨਾ ਕੋਈ ਅਹਿਸਾਨ ਕੀਤਾ ਤੇ ਨਾ ਹੀ ਕੋਈ ਭਾਰ ਚੜ੍ਹਾਇਆ ਬਲਕਿ ਆਪ ਜੀ ਨੇ ਤਾਂ ਉਪਕਾਰ ਕੀਤਾ ਸੀ। ਉਪਕਾਰ ਨੂੰ ਸਦਾ ਯਾਦ ਰੱਖਦਿਆਂ ਸਜਦਾ ਹੀ ਕੀਤਾ ਜਾ ਸਕਦਾ ਹੈ।
ਜੇ ਉਸ ਵੇਲੇ ਕੋਈ ਹਿੰਦੂ ਬਾਦਸ਼ਾਹ ਭਾਰਤ 'ਤੇ ਕਾਬਜ਼ ਹੁੰਦਾ ਤੇ ਮੁਸਲਮਾਨਾਂ 'ਤੇ ਉਹੀ ਸਮਾਂ ਆਉਂਦਾ, ਮੁਸਲਿਮ ਵੀਰ ਗੁਰੂ ਸਾਹਿਬ ਕੋਲ ਫਰਿਆਦ ਲੈ ਕੇ ਜਾਂਦੇ ਤਾਂ ਜ਼ਾਹਿਰ ਤੌਰ 'ਤੇ ਗੁਰੂ ਸਾਹਿਬ ਉਨ੍ਹਾਂ ਲਈ ਵੀ ਕੁਰਬਾਨੀ ਦਿੰਦੇ। ਇਸ ਲਈ ਆਪ ਜੀ ਲਈ 'ਧਰਮ ਦੀ ਚਾਦਰ' ਨਾਂ ਅਨੁਕੂਲ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੇ ਸਾਬਤ ਕਰ ਦਿੱਤਾ ਕਿ ਸਿੱਖੀ ਕਿਸੇ ਵੀ ਜਾਤ-ਪਾਤ, ਜਾਤੀ, ਨਸਲ ਤੇ ਰੰਗ ਦੇ ਭੇਦ-ਭਾਵ ਤੋਂ ਕਿਤੇ ਉੱਤੇ ਹੈ। ਉਸ ਵੇਲੇ ਗੁਰੂ ਸਾਹਿਬ ਦੀ ਸ਼ਹਾਦਤ ਨਾਲ ਕੌਮੀ 'ਤੇ ਰੋਸ ਵਧਿਆ ਤੇ ਮੁਗਲ ਬਾਦਸ਼ਾਹਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਤੇ ਖਾਤਮੇ ਵੱਲ ਤੁਰ ਪਈ ਸੀ। ਤਬ ਤੇ ਘਟੀ ਪਾਤਸ਼ਾਹੀ ਦਿੱਲੀ, ਤਬ ਤੇ ਤੁਰਕ ਕਲਾ ਪਈ ਢਿੱਲੀ।।