ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੈਂਗਸਟਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕੀਤੇ ਕਰੀਬ ਦੋ ਮਹੀਨੇ ਬੀਤ ਚੁੱਕੇ ਹਨ, ਪਰ ਹਰ ਕੋਨੇ ਤੋਂ ਪ੍ਰਸ਼ੰਸਕ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇਵਾਲਾ ਵਿਖੇ ਉਨ੍ਹਾਂ ਦੇ ਮਾਤਾ-ਪਿਤਾ ਕੋਲ ਅਫ਼ਸੋਸ ਪ੍ਰਗਟਾਉਣ ਤੇ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਆਉਂਦੇ ਰਹਿੰਦੇ ਹਨ।
ਇਸ ਦੌਰਾਨ, ਮੰਗਲਵਾਰ ਨੂੰ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ਦੇ ਸਟੋਰੀ ਸੈਕਸ਼ਨ ਵਿੱਚ ਇੱਕ ਫੋਟੋ ਅਪਲੋਡ ਕੀਤੀ ਗਈ ਸੀ। ਇਸ ਫੋਟੋ ਰਾਹੀਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ, ਜੋ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦੇ ਘਰ ਜਾ ਕੇ ਉਸ ਦੀ ਮੌਤ 'ਤੇ ਸੋਗ ਮਨਾਉਣ ਲਈ ਮਿਲਣਾ ਚਾਹੁੰਦੇ ਹਨ। ਇਸ ਫੋਟੋ ਵਿੱਚ ਇੱਕ ਸੰਦੇਸ਼ ਵਿੱਚ ਲਿਖਿਆ ਹੈ, “ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਕੁਝ ਮਹੀਨਿਆਂ ਲਈ ਪਿੰਡ ਤੋਂ ਬਾਹਰ ਗਏ ਹਨ। ਜੋ ਵੀ ਉਨ੍ਹਾਂ ਨੂੰ ਮਿਲਣ ਆ ਰਿਹਾ ਹੈ, ਉਨ੍ਹਾਂ ਨੂੰ ਨਿਰਾਸ਼ ਨਾ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਅਸੀਂ ਤੁਹਾਨੂੰ ਪੋਸਟ ਰਾਹੀਂ ਅੱਪਡੇਟ ਕਰਦੇ ਰਹਾਂਗੇ।”
ਦ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਸੂਤਰਾਂ ਨੇ ਦੱਸਿਆ, “ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪਾਕਿਸਤਾਨੀ ਨੰਬਰ ਤੋਂ ਧਮਕੀ ਦਾ ਸੁਨੇਹਾ ਮਿਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।”
ਦ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਦੋ ਸ਼ਾਰਪਸ਼ੂਟਰਾਂ ਜਗਰੂਪ ਰੂਪਾ ਅਤੇ ਮੰਨੂ ਕੁੱਸਾ ਦੇ ਮੁਕਾਬਲੇ ਤੋਂ ਬਾਅਦ ਮਾਰੇ ਗਏ ਗਾਇਕ ਦੇ ਪਿੰਡ ਦੇ ਵਸਨੀਕ ਅਤੇ ਉਸਦੇ ਬਹੁਤ ਸਾਰੇ ਪ੍ਰਸ਼ੰਸਕ ਅੰਸ਼ਕ ਤੌਰ 'ਤੇ ਰਾਹਤ ਮਹਿਸੂਸ ਕਰ ਰਹੇ ਹਨ। ਪ੍ਰਸ਼ੰਸਕਾਂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਦੋ ਦੋਸ਼ੀਆਂ ਨੂੰ ਮਾਰ ਕੇ ਬਹਾਦਰੀ ਦਿਖਾਈ ਹੈ। ਮੂਸੇਵਾਲਾ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਸਾਰਿਆਂ ਨੂੰ, ਜਿਨ੍ਹਾਂ ਨੇ ਉਨ੍ਹਾਂ ਦੇ ਹੋਣਹਾਰ ਪੁੱਤਰ ਨੂੰ ਬੇਰਹਿਮੀ ਨਾਲ ਮਾਰਿਆ, ਉਨ੍ਹਾਂ ਨੂੰ ਵੀ ਇਹੀ ਕਿਸਮਤ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਤਾਂ ਹੀ ਉਨ੍ਹਾਂ ਨੂੰ ਇਨਸਾਫ਼ ਮਿਲੇਗਾ।
ਮੂਸੇਵਾਲਾ ਦੇ ਕਾਤਲਾਂ ਦੇ ਐਨਕਾਊਂਟਰ ਦੀ ਖ਼ਬਰ ਵਾਇਰਲ ਹੁੰਦੇ ਹੀ ਵੱਡੀ ਗਿਣਤੀ 'ਚ ਪਿੰਡ ਵਾਸੀ ਅਤੇ ਪ੍ਰਸ਼ੰਸਕ ਖੇਤਾਂ 'ਚ ਪਹੁੰਚ ਗਏ, ਜਿੱਥੇ ਗਾਇਕ ਦਾ ਸਸਕਾਰ ਕੀਤਾ ਗਿਆ ਅਤੇ ਮੌਕੇ 'ਤੇ ਸਥਾਪਿਤ ਕੀਤੇ ਗਏ ਉਨ੍ਹਾਂ ਦੇ ਬੁੱਤ ਅੱਗੇ ਅਰਦਾਸ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਮੂਸੇਵਾਲਾ ਦੇ ਸਾਰੇ ਕਾਤਲਾਂ ਨੂੰ ਫਾਂਸੀ ਵਰਗੀ ਸਖ਼ਤ ਸਜ਼ਾ ਨਹੀਂ ਮਿਲਦੀ, ਉਨ੍ਹਾਂ ਦੇ ਪਰਿਵਾਰ ਅਤੇ ਚਹੇਤਿਆਂ ਨੂੰ ਇਨਸਾਫ਼ ਨਹੀਂ ਮਿਲੇਗਾ।
ਪਰਿਵਾਰ ਨੂੰ ਪਾਕਿ ਤੋਂ ਮਿਲੀ ਧਮਕੀ
ਪਰਿਵਾਰਕ ਸੂਤਰਾਂ ਦਾ ਕਹਿਣਾ ਹੈ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਪਾਕਿਸਤਾਨ ਦੇ ਇੱਕ ਨੰਬਰ ਤੋਂ ਸੋਸ਼ਲ ਮੀਡੀਆ 'ਤੇ ਧਮਕੀ ਭਰਿਆ ਸੁਨੇਹਾ ਮਿਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।